- ਅਨੀਮੇਸ਼ ਕੁਜੂਰ ਨਾਲ ਜ਼ਬਰਦਸਤ ਟੱਕਰ ਤੋਂ ਬਾਅਦ ਬਣਿਆ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ, ਏਸ਼ੀਆ ‘ਚ ਵੀ ਦਰਜ ਕੀਤਾ ਦੂਜਾ ਸਭ ਤੋਂ ਤੇਜ਼ ਸਮਾਂ
ਚੰਡੀਗੜ੍ਹ, 24 ਮਈ : ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੇ ਦੂਜੇ ਦਿਨ ਪੰਜਾਬ ਦੇ ਸਪ੍ਰਿੰਟਰ Gurindervir Singh ਨੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਇਤਿਹਾਸ ਰਚ ਦਿੱਤਾ। ਗੁਰਿੰਦਰਵੀਰ ਨੇ ਸਿਰਫ਼ 10.09 ਸਕਿੰਟ ਦਾ ਸ਼ਾਨਦਾਰ ਸਮਾਂ ਕੱਢਦਿਆਂ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ। ਇਸ ਦੇ ਨਾਲ ਹੀ ਉਹ 10.10 ਸਕਿੰਟ ਤੋਂ ਘੱਟ ਸਮੇਂ ਵਿੱਚ 100 ਮੀਟਰ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਵੀ ਬਣ ਗਿਆ ਹੈ।
ਗੁਰਿੰਦਰਵੀਰ ਦਾ ਇਹ ਸਮਾਂ ਇਸ ਸੀਜ਼ਨ ਵਿੱਚ ਏਸ਼ੀਆ ਦਾ ਦੂਜਾ ਸਭ ਤੋਂ ਤੇਜ਼ ਸਮਾਂ ਵੀ ਮੰਨਿਆ ਜਾ ਰਿਹਾ ਹੈ। ਫਾਈਨਲ ਦੌੜ ਵਿੱਚ ਉਸਨੇ ਆਪਣੇ ਕੱਟੜ ਵਿਰੋਧੀ Animesh Kujur ਨੂੰ ਪਿੱਛੇ ਛੱਡਦਿਆਂ ਸੋਨੇ ਦਾ ਤਮਗਾ ਜਿੱਤਿਆ। ਦੋਵਾਂ ਐਥਲੀਟਾਂ ਵਿਚਕਾਰ ਹੋਈ ਇਹ ਜ਼ਬਰਦਸਤ ਟੱਕਰ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਲੰਬੇ ਸਮੇਂ ਤੱਕ ਯਾਦ ਰੱਖੀ ਜਾਵੇਗੀ।
ਕੁਝ ਮਿੰਟਾਂ ਵਿੱਚ ਦੋ ਵਾਰ ਟੁੱਟਿਆ ਰਾਸ਼ਟਰੀ ਰਿਕਾਰਡ
ਮੁਕਾਬਲੇ ਦੌਰਾਨ 100 ਮੀਟਰ ਦਾ ਰਾਸ਼ਟਰੀ ਰਿਕਾਰਡ ਕੁਝ ਹੀ ਮਿੰਟਾਂ ਵਿੱਚ ਦੋ ਵਾਰ ਟੁੱਟ ਗਿਆ। ਪਹਿਲਾਂ ਗੁਰਿੰਦਰਵੀਰ ਨੇ ਆਪਣੀ ਸੈਮੀਫਾਈਨਲ ਹੀਟ ਵਿੱਚ 10.17 ਸਕਿੰਟ ਦਾ ਸਮਾਂ ਕੱਢ ਕੇ ਰਿਕਾਰਡ ਬਣਾਇਆ। ਇਸ ਤੋਂ ਸਿਰਫ਼ ਪੰਜ ਮਿੰਟ ਬਾਅਦ ਅਨੀਮੇਸ਼ ਕੁਜੂਰ ਨੇ ਦੂਜੀ ਸੈਮੀਫਾਈਨਲ ਹੀਟ ਵਿੱਚ 10.15 ਸਕਿੰਟ ਦੌੜ ਕੇ ਰਿਕਾਰਡ ਆਪਣੇ ਨਾਮ ਕਰ ਲਿਆ।
ਹਾਲਾਂਕਿ ਫਾਈਨਲ ਵਿੱਚ ਗੁਰਿੰਦਰਵੀਰ ਨੇ ਸ਼ਾਨਦਾਰ ਵਾਪਸੀ ਕਰਦਿਆਂ 10.09 ਸਕਿੰਟ ਦਾ ਧਮਾਕੇਦਾਰ ਸਮਾਂ ਕੱਢਿਆ ਅਤੇ ਨਵਾਂ ਰਾਸ਼ਟਰੀ ਰਿਕਾਰਡ ਬਣਾ ਦਿੱਤਾ। ਉਹ ਅਨੀਮੇਸ਼ ਨਾਲੋਂ 0.11 ਸਕਿੰਟ ਤੇਜ਼ ਰਿਹਾ ਅਤੇ ਫਿਨਿਸ਼ ਲਾਈਨ ‘ਤੇ ਲਗਭਗ ਦੋ ਫੁੱਟ ਅੱਗੇ ਨਜ਼ਰ ਆਇਆ।
ਸੰਘਰਸ਼ਾਂ ਤੋਂ ਨਿਕਲ ਕੇ ਬਣਿਆ ਚੈਂਪੀਅਨ
ਦੋ ਸਾਲ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਗੁਰਿੰਦਰਵੀਰ ਨੇ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਵੀ ਖੁਲਾਸਾ ਕੀਤਾ ਸੀ। ਉਸਨੇ ਦੱਸਿਆ ਸੀ ਕਿ ਜਦੋਂ ਉਸਨੂੰ ਵਧੀਆ ਜੁੱਤੀਆਂ ਜਾਂ ਫੂਡ ਸਪਲੀਮੈਂਟ ਦੀ ਲੋੜ ਪੈਂਦੀ ਸੀ ਤਾਂ ਉਸਦਾ ਕੋਚ ਮਦਦ ਕਰਦਾ ਸੀ। ਇੱਥੋਂ ਤੱਕ ਕਿ ਕਈ ਵਾਰ ਮੁਕਾਬਲਿਆਂ ਲਈ ਯਾਤਰਾ ਕਰਨ ਦੇ ਪੈਸੇ ਵੀ ਨਹੀਂ ਹੁੰਦੇ ਸਨ, ਤਾਂ ਉਸਦੇ ਭਾਈਚਾਰੇ ਦੇ ਲੋਕਾਂ ਨੇ ਉਸਦਾ ਸਾਥ ਦਿੱਤਾ।
ਅੱਜ ਉਹੀ ਗੁਰਿੰਦਰਵੀਰ ਸਿੰਘ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣ ਕੇ ਨਵਾਂ ਇਤਿਹਾਸ ਲਿਖ ਚੁੱਕਾ ਹੈ।
