Home ਪੰਜਾਬਪੰਜਾਬ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, CM ਮਾਨ ਨੇ ਕਿਹਾ 2030 ਵਿਸ਼ਵ ਕੱਪ ਲਈ ਤਿਆਰ

ਪੰਜਾਬ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, CM ਮਾਨ ਨੇ ਕਿਹਾ 2030 ਵਿਸ਼ਵ ਕੱਪ ਲਈ ਤਿਆਰ

by Live 24 Punjabi
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ asian hockey champions ਟਰਾਫੀ ਦਾ ਉਦਘਾਟਨ ਕਰਦੇ ਭਗਵੰਤ ਸਿੰਘ ਮਾਨ

ਜਲੰਧਰ, 27 ਅਕਤੂਬਰ : ਪੰਜਾਬ ਨੇ ਪਹਿਲੀ ਵਾਰ asian hockey champion ਟਰਾਫੀ ਦੀ ਮੇਜ਼ਬਾਨੀ ਕਰਦਿਆਂ ਆਪਣੀ ਹਾਕੀ ਵਿਰਾਸਤ ਵਿੱਚ ਇੱਕ ਹੋਰ ਮਹੱਤਵਪੂਰਨ ਅਧਿਆਇ ਜੋੜਿਆ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ-2026 ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀਆਂ ਛੇ ਟੀਮਾਂ ਦੇ ਕਪਤਾਨਾਂ ਨੂੰ ਸਨਮਾਨਿਤ ਕੀਤਾ ਅਤੇ ਬੰਗਲਾਦੇਸ਼, ਚੀਨ, ਜਾਪਾਨ, ਕੋਰੀਆ ਤੇ ਮਲੇਸ਼ੀਆ ਤੋਂ ਪਹੁੰਚੀਆਂ ਟੀਮਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ ’ਤੇ ਇਸ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਖੇਡਣ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੁਪਨਾ ਹੁਣ ਸਾਕਾਰ ਹੋਇਆ ਹੈ।

ਜਲੰਧਰ ਵਿੱਚ ਲੀਗ ਮੈਚ, ਮੋਹਾਲੀ ਵਿੱਚ ਹੋਣਗੇ ਫਾਈਨਲ ਮੁਕਾਬਲੇ

Asian Hockey Champion ਦੇ ਸਾਰੇ ਲੀਗ ਮੈਚ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਕਰਵਾਏ ਜਾਣਗੇ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪੱਧਰ ਦੀ ਕੌਮਾਂਤਰੀ ਚੈਂਪੀਅਨਸ਼ਿਪ ਨੂੰ ਪੰਜਾਬ ਵਿੱਚ ਲਿਆਉਣਾ ਸੂਬੇ ਦੇ ਖੇਡ ਢਾਂਚੇ, ਮਹਿਮਾਨਨਵਾਜ਼ੀ ਅਤੇ ਹਾਕੀ ਵਿਰਾਸਤ ਨੂੰ ਦਰਸਾਉਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਪ੍ਰਭਾਵ ਸਿਰਫ਼ ਹਾਕੀ ਤੱਕ ਸੀਮਤ ਨਹੀਂ ਰਹੇਗਾ, ਸਗੋਂ ਖੇਡ ਸੈਰ-ਸਪਾਟੇ, ਮਹਿਮਾਨਨਵਾਜ਼ੀ, ਖੇਡਾਂ ਦੇ ਸਮਾਨ ਨਾਲ ਜੁੜੇ ਕਾਰੋਬਾਰ ਅਤੇ ਸਥਾਨਕ ਗਤੀਵਿਧੀਆਂ ਲਈ ਵੀ ਮੌਕੇ ਪੈਦਾ ਹੋ ਸਕਦੇ ਹਨ।

ਪੰਜਾਬ ਅਤੇ ਹਾਕੀ ਦਾ ਪੁਰਾਣਾ ਰਿਸ਼ਤਾ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਾਕੀ ਦਾ ਰਿਸ਼ਤਾ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਸੂਬੇ ਨੇ ਭਾਰਤੀ ਹਾਕੀ ਨੂੰ ਕਈ ਵੱਡੇ ਖਿਡਾਰੀ ਦਿੱਤੇ ਹਨ। ਉਨ੍ਹਾਂ ਅਨੁਸਾਰ 1928 ਦੀਆਂ ਐਮਸਟਰਡਮ ਓਲੰਪਿਕ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਤੱਕ ਪੰਜਾਬ ਨੇ 77 ਹਾਕੀ ਓਲੰਪੀਅਨ ਦੇਸ਼ ਨੂੰ ਦਿੱਤੇ, ਜਿਨ੍ਹਾਂ ਵਿੱਚੋਂ 48 ਖਿਡਾਰੀਆਂ ਨੇ ਓਲੰਪਿਕ ਤਗ਼ਮੇ ਜਿੱਤੇ ਹਨ।

ਉਨ੍ਹਾਂ ਕਿਹਾ ਕਿ ਪੰਜਾਬੀ ਖਿਡਾਰੀਆਂ ਨੇ 10 ਮੌਕਿਆਂ ’ਤੇ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਇਸ ਮੌਕੇ ਉਨ੍ਹਾਂ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ ਅਤੇ ਪਰਗਟ ਸਿੰਘ ਸਮੇਤ ਹਾਕੀ ਦੇ ਕਈ ਮਹਾਨ ਖਿਡਾਰੀਆਂ ਦੇ ਯੋਗਦਾਨ ਨੂੰ ਯਾਦ ਕੀਤਾ।

ਮੁੱਖ ਮੰਤਰੀ ਨੇ 1952 ਦੀਆਂ ਹੈਲਸਿੰਕੀ ਓਲੰਪਿਕ ਦੇ ਫਾਈਨਲ ਵਿੱਚ ਬਲਬੀਰ ਸਿੰਘ ਸੀਨੀਅਰ ਵੱਲੋਂ ਕੀਤੇ ਪੰਜ ਗੋਲਾਂ ਅਤੇ ਊਧਮ ਸਿੰਘ ਦੇ ਚਾਰ ਓਲੰਪਿਕ ਖੇਡਣ ਦੇ ਰਿਕਾਰਡ ਦਾ ਵੀ ਜ਼ਿਕਰ ਕੀਤਾ।

ਜਲੰਧਰ ਦੀ ਹਾਕੀ ਵਿਰਾਸਤ ਨੂੰ ਮਿਲੀ ਪ੍ਰਮੁੱਖਤਾ

ਮੁੱਖ ਮੰਤਰੀ ਨੇ ਜਲੰਧਰ ਅਤੇ ਆਸ-ਪਾਸ ਦੇ ਪਿੰਡਾਂ ਦੇ ਹਾਕੀ ਵਿੱਚ ਯੋਗਦਾਨ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ ਕਈ ਓਲੰਪੀਅਨ ਅਤੇ ਕੌਮਾਂਤਰੀ ਖਿਡਾਰੀ ਪੈਦਾ ਕੀਤੇ ਹਨ।

ਓਲੰਪੀਅਨ ਸੁਰਜੀਤ ਸਿੰਘ ਦੇ ਨਾਂ ’ਤੇ ਬਣੇ ਜਲੰਧਰ ਦੇ ਸਟੇਡੀਅਮ ਨੂੰ ਪੰਜਾਬ ਦੀ ਹਾਕੀ ਵਿਰਾਸਤ ਨਾਲ ਜੋੜਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਥਾਨ ਖੇਡ ਪ੍ਰਾਪਤੀਆਂ ਅਤੇ ਨਵੀਂ ਪੀੜ੍ਹੀ ਦੀਆਂ ਉਮੀਦਾਂ ਦਾ ਪ੍ਰਤੀਕ ਹੈ। ਟੂਰਨਾਮੈਂਟ ਮੌਕੇ ਸਟੇਡੀਅਮ ਵਿੱਚ ਓਲੰਪੀਅਨ ਸੁਰਜੀਤ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ।

ਸਟੇਡੀਅਮ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਸੈਂਟਰ ਅਤੇ ਖੇਲੋ ਇੰਡੀਆ ਸੈਂਟਰ ਵੀ ਚੱਲ ਰਹੇ ਹਨ। ਮੁੱਖ ਮੰਤਰੀ ਅਨੁਸਾਰ 102 ਹਾਕੀ ਖਿਡਾਰੀ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਸੈਂਟਰ ਅਤੇ 33 ਖਿਡਾਰੀ ਖੇਲੋ ਇੰਡੀਆ ਸੈਂਟਰ ਵਿੱਚ ਸਿਖਲਾਈ ਲੈ ਰਹੇ ਹਨ।

ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦਾ ਦਾਅਵਾ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹਾਕੀ ਦੇ ਛੇ ਨਵੇਂ ਐਸਟਰੋ-ਟਰਫ ਮੈਦਾਨ ਸਥਾਪਿਤ ਕੀਤੇ ਗਏ ਹਨ, ਜਦਕਿ ਦੋ ਹੋਰ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੇਠਲੇ ਪੱਧਰ ’ਤੇ ਹਾਕੀ ਨੂੰ ਉਤਸ਼ਾਹਿਤ ਕਰਨ ਲਈ 18 ਸਿਕਸ-ਏ-ਸਾਈਡ ਐਸਟਰੋ-ਟਰਫ ਮੈਦਾਨ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਲਈ ਛੇ ਲੱਖ ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਖੇਡ ਮੈਦਾਨ ਪਹਿਲਕਦਮੀ ਤਹਿਤ ਸੂਬੇ ਭਰ ਵਿੱਚ 3,000 ਤੋਂ ਵੱਧ ਖੇਡ ਮੈਦਾਨ ਵੀ ਵਿਕਸਤ ਕੀਤੇ ਜਾ ਰਹੇ ਹਨ। ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਦੇ 14 ਸੈਂਟਰ ਆਫ਼ ਐਕਸੀਲੈਂਸ ਵਿੱਚ 1,870 ਅਥਲੀਟਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤਿਆਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਾਲ 2030 ਦੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ-2026 ਦੀ ਮੇਜ਼ਬਾਨੀ ਸੂਬੇ ਦੀ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਕਰਵਾਉਣ ਦੀ ਸਮਰੱਥਾ ਨੂੰ ਦਰਸਾਉਣ ਦਾ ਮੌਕਾ ਹੈ।

ਉਨ੍ਹਾਂ ਦੱਸਿਆ ਕਿ 2023 ਵਿੱਚ ਲਾਗੂ ਕੀਤੀ ਨਵੀਂ ਖੇਡ ਨੀਤੀ ਅਤੇ ਖੇਡਾਂ ਲਈ ਰੱਖਿਆ ਗਿਆ 1,744 ਕਰੋੜ ਰੁਪਏ ਦਾ ਬਜਟ ਖੇਡ ਢਾਂਚੇ ਅਤੇ ਖਿਡਾਰੀਆਂ ਦੀ ਸਿਖਲਾਈ ਨਾਲ ਜੋੜਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੇਸ਼ਾਂ ਅਤੇ ਸੱਭਿਆਚਾਰਾਂ ਵਿਚਕਾਰ ਆਪਸੀ ਸਤਿਕਾਰ, ਅਨੁਸ਼ਾਸਨ ਅਤੇ ਦੋਸਤੀ ਨੂੰ ਵਧਾਉਣ ਦਾ ਮਾਧਿਅਮ ਬਣ ਸਕਦੀਆਂ ਹਨ। ਉਨ੍ਹਾਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ, ਪ੍ਰਬੰਧਕਾਂ, ਅਧਿਕਾਰੀਆਂ, ਵਲੰਟੀਅਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ, ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ ਅਤੇ ਈਸ਼ਾਨ ਚੱਬੇਵਾਲ, ਪ੍ਰਮੁੱਖ ਸਕੱਤਰ ਖੇਡਾਂ ਵਰੁਣ ਰੂਜ਼ਮ, ਡਾਇਰੈਕਟਰ ਖੇਡਾਂ ਅਭਿਜੀਤ ਕਪਲਿਸ਼, ਜਲੰਧਰ ਦੇ ਮੇਅਰ ਵਿਨੀਤ ਧੀਰ, ਸੈਰ-ਸਪਾਟਾ ਸਲਾਹਕਾਰ ਦੀਪਕ ਬਾਲੀ ਸਮੇਤ ਹੋਰ ਸ਼ਖਸੀਅਤਾਂ ਮੌਜੂਦ ਸਨ।

Have any thoughts?

Share your reaction or leave a quick response — we’d love to hear what you think!

You may also like

Leave a Comment