- ਮੈਚ ਮਗਰੋਂ ਆਰਾਮ ਦਾ ਸਮਾਂ ਨਾ ਦੇਣ ਕਾਰਨ ਖਿਡਾਰੀਆਂ ਦੀ ਰਿਕਵਰੀ ਪ੍ਰਭਾਵਿਤ ਹੋਈ: ਅਮੀਰ ਘਲੇਨੋਈ
ਲਾਸ ਏਂਜਲਸ | ਈਰਾਨ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਅਮੀਰ ਘਲੇਨੋਈ ਨੇ ਫੀਫਾ ਅਤੇ ਅਮਰੀਕੀ ਅਧਿਕਾਰੀਆਂ ’ਤੇ ਮੈਚ ਤੋਂ ਬਾਅਦ ਟੀਮ ਨੂੰ ਆਰਾਮ ਕਰਨ ਦਾ ਸਮਾਂ ਨਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਟੀਮ ਨੂੰ ਨਿਊਜ਼ੀਲੈਂਡ ਵਿਰੁੱਧ ਮੈਚ ਖਤਮ ਹੁੰਦਿਆਂ ਹੀ ਮੈਕਸੀਕੋ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਗਏ, ਜਿਸ ਕਾਰਨ ਖਿਡਾਰੀਆਂ ਦੀ ਰਿਕਵਰੀ ਅਤੇ ਤਿਆਰੀ ਪ੍ਰਭਾਵਿਤ ਹੋਈ।
ਘਲੇਨੋਈ ਨੇ ਦੱਸਿਆ ਕਿ ਟੀਮ ਦੀ ਯੋਜਨਾ ਮੈਚ ਤੋਂ ਬਾਅਦ ਇੱਕ ਦਿਨ ਆਰਾਮ ਕਰਨ ਅਤੇ ਫਿਰ ਅਗਲੇ ਦਿਨ ਆਪਣੇ ਬੇਸ ਕੈਂਪ ਮੈਕਸੀਕੋ ਵਾਪਸ ਜਾਣ ਦੀ ਸੀ। ਪਰ ਅਧਿਕਾਰੀਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਮੈਚ ਤੋਂ ਤੁਰੰਤ ਬਾਅਦ ਯਾਤਰਾ ਕਰਨ ਲਈ ਮਜਬੂਰ ਕੀਤਾ ਗਿਆ, ਜੋ ਪੇਸ਼ੇਵਰ ਖੇਡ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ।
ਮੰਗਲਵਾਰ ਸਵੇਰੇ ਲਾਸ ਏਂਜਲਸ ਦੇ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਈਰਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ 2-2 ਦੀ ਬਰਾਬਰੀ ’ਤੇ ਰਹੀਆਂ। ਇਸ ਮੈਚ ਦੌਰਾਨ ਈਰਾਨੀ ਮਿਡਫੀਲਡਰ ਮੁਹੰਮਦ ਮੋਹੇਬੀ ਨੇ ਇੱਕ ਗੋਲ ਦਾਗਿਆ ਅਤੇ ਇਸ ਤੋਂ ਬਾਅਦ ‘ਗਨ ਸੈਲੀਬ੍ਰੇਸ਼ਨ’ ਕੀਤਾ। ਮੋਹੇਬੀ ਦੇ ਇਸ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ।
ਕਈ ਖੇਡ ਪ੍ਰੇਮੀਆਂ ਅਤੇ ਵਿਸ਼ਲੇਸ਼ਕਾਂ ਨੇ ਗਨ ਸੈਲੀਬ੍ਰੇਸ਼ਨ ਨੂੰ ਅਮਰੀਕਾ ਵਿੱਚ ਹਥਿਆਰਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ਦੇ ਮੱਦੇਨਜ਼ਰ ਗੈਰ-ਉਚਿਤ ਕਰਾਰ ਦਿੱਤਾ। ਹਾਲਾਂਕਿ, ਇਸ ਸਬੰਧੀ ਅਧਿਕਾਰਕ ਤੌਰ ’ਤੇ ਕੋਈ ਸਜ਼ਾ ਜਾਂ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਵਿਵਾਦ ਦੇ ਦਰਮਿਆਨ ਇਹ ਵੀ ਚਰਚਾ ਹੈ ਕਿ ਮੈਚ ਮਗਰੋਂ ਈਰਾਨੀ ਟੀਮ ਨੂੰ ਤੁਰੰਤ ਅਮਰੀਕਾ ਛੱਡਣ ਅਤੇ ਮੈਕਸੀਕੋ ਜਾਣ ਲਈ ਕਿਹਾ ਗਿਆ। ਦਰਅਸਲ, ਟੂਰਨਾਮੈਂਟ ਦੌਰਾਨ ਈਰਾਨ ਦਾ ਬੇਸ ਕੈਂਪ ਮੈਕਸੀਕੋ ਵਿੱਚ ਸਥਾਪਤ ਕੀਤਾ ਗਿਆ ਹੈ ਅਤੇ ਟੀਮ ਨੂੰ ਅਮਰੀਕਾ ਵਿੱਚ ਹਰ ਮੈਚ ਖੇਡਣ ਤੋਂ ਬਾਅਦ ਉੱਥੇ ਵਾਪਸ ਜਾਣਾ ਪੈਂਦਾ ਹੈ।
ਈਰਾਨੀ ਕੋਚ ਨੇ ਕਿਹਾ ਕਿ ਲਗਾਤਾਰ ਯਾਤਰਾ ਅਤੇ ਆਰਾਮ ਦੀ ਕਮੀ ਖਿਡਾਰੀਆਂ ਦੀ ਸਰੀਰਕ ਸਮਰੱਥਾ ’ਤੇ ਅਸਰ ਪਾ ਸਕਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਟੀਮਾਂ ਨੂੰ ਬਿਹਤਰ ਸੁਵਿਧਾਵਾਂ ਅਤੇ ਯੋਗ ਆਰਾਮ ਦਾ ਸਮਾਂ ਦਿੱਤਾ ਜਾਵੇਗਾ ਤਾਂ ਜੋ ਖਿਡਾਰੀ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ।
