- ਤਕਨੀਕੀ ਖਰਾਬੀ ਕਾਰਨ ਰਸਤਾ ਭਟਕਿਆ ਜਹਾਜ਼, ਚਾਰ ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਪਹੁੰਚਿਆ
ਅੰਮ੍ਰਿਤਸਰ, 24 ਜੂਨ: ਸੋਮਵਾਰ ਰਾਤ ਏਅਰ ਇੰਡੀਆ ਦਾ ਇੱਕ ਜਹਾਜ਼ ਤਕਨੀਕੀ ਖਰਾਬੀ ਕਾਰਨ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਕੇ ਕੁਝ ਸਮੇਂ ਲਈ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ। ਪਾਕਿਸਤਾਨ ਦੇ ਹਵਾਈ ਆਵਾਜਾਈ ਅਧਿਕਾਰੀਆਂ ਵੱਲੋਂ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਪਾਇਲਟ ਨੇ ਤੁਰੰਤ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵੱਲ ਮੋੜ ਲਿਆ।
ਜਾਣਕਾਰੀ ਅਨੁਸਾਰ, ਇਹ ਉਡਾਣ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਹਵਾਈ ਅੱਡਾ ਅਥਾਰਟੀ ਮੁਤਾਬਕ ਏਅਰਬੱਸ ਏਆਈ-321 ਨੇ ਸੋਮਵਾਰ ਰਾਤ 9:18 ਵਜੇ ਦਿੱਲੀ ਤੋਂ ਉਡਾਣ ਭਰੀ ਸੀ ਅਤੇ ਇਸ ਨੂੰ ਰਾਤ 10:30 ਵਜੇ ਅੰਮ੍ਰਿਤਸਰ ਪਹੁੰਚਣਾ ਸੀ। ਉਡਾਣ ਦੌਰਾਨ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆਉਣ ਕਾਰਨ ਇਹ ਆਪਣੇ ਤੈਅ ਰਸਤੇ ਤੋਂ ਹਟ ਗਿਆ।
ਪਾਕਿਸਤਾਨੀ ਅਧਿਕਾਰੀਆਂ ਦੀ ਚੇਤਾਵਨੀ ਮਿਲਣ ਮਗਰੋਂ ਜਹਾਜ਼ ਨੇ ਭਾਰਤੀ ਹਵਾਈ ਖੇਤਰ ਵਿੱਚ ਵਾਪਸੀ ਕਰ ਲਈ। ਇਸ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹਵਾਈ ਆਵਾਜਾਈ ਵੱਧ ਜਾਣ ਕਾਰਨ ਜਹਾਜ਼ ਨੂੰ ਉੱਥੇ ਉਤਾਰਨ ਦੀ ਇਜਾਜ਼ਤ ਨਹੀਂ ਮਿਲ ਸਕੀ ਅਤੇ ਇਸ ਨੂੰ ਵਾਪਸ ਦਿੱਲੀ ਭੇਜਣਾ ਪਿਆ।
ਲਗਭਗ ਦੋ ਘੰਟਿਆਂ ਬਾਅਦ ਦੁਬਾਰਾ ਮਨਜ਼ੂਰੀ ਮਿਲਣ ‘ਤੇ ਜਹਾਜ਼ ਨੇ ਮੁੜ ਅੰਮ੍ਰਿਤਸਰ ਲਈ ਉਡਾਣ ਭਰੀ। ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ 2:20 ਵਜੇ ਇਹ ਜਹਾਜ਼ ਸੁਰੱਖਿਅਤ ਤੌਰ ‘ਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰ ਗਿਆ। ਇਸ ਤਰ੍ਹਾਂ ਯਾਤਰੀਆਂ ਨੂੰ ਕਰੀਬ ਚਾਰ ਘੰਟਿਆਂ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ।
ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
