Home ਪੰਜਾਬਸ਼ਹੀਦਾਂ ਦੀ ਧਰਤੀ ਸੰਗਰੂਰ ਨੂੰ ‘ਸਿਉਂਕ’ ਕਹਿਣਾ ਬਾਜਵਾ ਦੀ ਘਟੀਆ ਮਾਨਸਿਕਤਾ ਦੀ ਉਪਜ : ਕੁਲਦੀਪ ਧਾਲੀਵਾਲ

ਸ਼ਹੀਦਾਂ ਦੀ ਧਰਤੀ ਸੰਗਰੂਰ ਨੂੰ ‘ਸਿਉਂਕ’ ਕਹਿਣਾ ਬਾਜਵਾ ਦੀ ਘਟੀਆ ਮਾਨਸਿਕਤਾ ਦੀ ਉਪਜ : ਕੁਲਦੀਪ ਧਾਲੀਵਾਲ

by Live 24 Punjabi

ਚੰਡੀਗੜ੍ਹ, 8 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਗਰੂਰ ਦੀ ਧਰਤੀ ਨੂੰ ‘ਸਿਉਂਕ’ ਪੈਦਾ ਕਰਨ ਵਾਲੀ ਧਰਤੀ ਦੱਸਣ ਵਾਲੇ ਬਿਆਨ ‘ਤੇ ਤਿੱਖਾ ਹਮਲਾ ਕੀਤਾ ਹੈ। ਧਾਲੀਵਾਲ ਨੇ ਇਸ ਨੂੰ ਬਾਜਵਾ ਦੀ ਘਟੀਆ ਮਾਨਸਿਕਤਾ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਦਾ ਪ੍ਰਤੀਕ ਕਰਾਰ ਦਿੱਤਾ।

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਤੋਂ ਪਹਿਲਾਂ ਸੰਗਰੂਰ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ। ਜਿਸ ਧਰਤੀ ਨੇ ਸ਼ਹੀਦ-ਏ-ਆਜ਼ਮ ਊਧਮ ਸਿੰਘ, ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਦੇਸ਼ ਭਗਤ, ਨਾਮਧਾਰੀ ਕੂਕਾ ਲਹਿਰ ਅਤੇ ਰਿਆਸਤੀ ਅੰਦੋਲਨਾਂ ਨੂੰ ਜਨਮ ਦਿੱਤਾ, ਉਸ ਨੂੰ ‘ਸਿਉਂਕ’ ਕਹਿਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਉਹ ਜ਼ਿਲ੍ਹਾ ਹੈ ਜਿਸ ਨੇ ਹਮੇਸ਼ਾ ਇਨਕਲਾਬੀ ਲਹਿਰਾਂ ਦੀ ਅਗਵਾਈ ਕੀਤੀ ਹੈ, ਚਾਹੇ ਉਹ ਆਜ਼ਾਦੀ ਦੀ ਜੰਗ ਹੋਵੇ ਜਾਂ ਹਾਲੀਆ ਕਿਸਾਨ ਅੰਦੋਲਨ।

ਧਾਲੀਵਾਲ ਨੇ ਸਵਾਲ ਕੀਤਾ ਕਿ ਬਾਜਵਾ ਜਿਸ ਕਾਂਗਰਸੀ ਆਗੂ ਸੰਤ ਰਾਮ ਸਿੰਗਲਾ ਦੀ ਬਰਸੀ ‘ਤੇ ਬੋਲ ਰਹੇ ਸਨ, ਕੀ ਉਹ ਵੀ ‘ਸਿਉਂਕ’ ਸਨ? ਉਨ੍ਹਾਂ ਕਿਹਾ ਕਿ ਉੱਥੇ ਮੌਜੂਦ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਜ਼ਮੀਰ ਨੇ ਉਨ੍ਹਾਂ ਨੂੰ ਕਿਵੇਂ ਨਹੀਂ ਟੋਕਿਆ ਕਿ ਬਾਜਵਾ ਸੰਗਰੂਰ ਦੀ ਧਰਤੀ ਨੂੰ ਕੀ ਕਹਿ ਰਹੇ ਹਨ? ਕੀ ਬਾਜਵਾ ਅਨੁਸਾਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸੁਤੰਤਰਤਾ ਸੈਨਾਨੀ ਪਿਤਾ ਹੀਰਾ ਸਿੰਘ ਭੱਠਲ ਵੀ ‘ਸਿਉਂਕ’ ਸਨ? ਬਾਜਵਾ ਨੂੰ ਪੰਜਾਬ ਦੇ ਲੋਕਾਂ ਅਤੇ ਸੰਗਰੂਰ ਦੇ ਨਿਵਾਸੀਆਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਕਾਂਗਰਸ ‘ਤੇ ਪਲਟਵਾਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਉਹ ‘ਸਿਉਂਕ’ ਹੈ ਜਿਸ ਨੇ 75 ਸਾਲਾਂ ਤੱਕ ਦੇਸ਼ ਅਤੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ, ਤੁਸੀਂ ਉਸ ਪਾਰਟੀ ਦੇ ਨੇਤਾ ਹੋ ਜਿਸ ਨੇ ਪੰਜਾਬ ਵਿੱਚ ਐਮਰਜੈਂਸੀ ਲਗਾਈ, ਆਪ੍ਰੇਸ਼ਨ ਬਲੂ ਸਟਾਰ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾ ਦਿੱਤਾ। ਕੋਲਾ ਘੁਟਾਲੇ ਤੋਂ ਲੈ ਕੇ ਕੈਪਟਨ ਸਰਕਾਰ ਵੇਲੇ ਸਾਧੂ ਸਿੰਘ ਧਰਮਸੋਤ ਅਤੇ ਆਸ਼ੂ ਵਰਗੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਤੱਕ, ਤੁਹਾਡੀ ਪਾਰਟੀ ਨੇ ਪੰਜਾਬ ਨੂੰ ਕੇਵਲ ਬਰਬਾਦ ਹੀ ਕੀਤਾ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਸਾਧਾਰਨ ਪਾਰਟੀ ਨਹੀਂ, ਸਗੋਂ ਸੰਗਰੂਰ ਦੀ ਇਸੇ ਕ੍ਰਾਂਤੀਕਾਰੀ ਮਿੱਟੀ ਤੋਂ ਉੱਠੀ ਇੱਕ ਲਹਿਰ ਹੈ, ਜਿਸ ਨੇ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਭੱਠਲ ਵਰਗੇ ਵੱਡੇ-ਵੱਡੇ ਸਿਆਸੀ ਕਿਲ੍ਹਿਆਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਲਹਿਰ ਸੰਗਰੂਰ ਤੋਂ ਚੱਲੀ ਸੀ, ਉਹ 2027 ਵਿੱਚ ਬਾਜਵਾ ਦੇ ਗੜ੍ਹ ਕਾਦੀਆਂ ਤੱਕ ਪਹੁੰਚੇਗੀ ਅਤੇ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ। ਪਿਛਲੀ ਵਾਰ 92 ਸੀਟਾਂ ਆਈਆਂ ਸਨ, ਅਗਲੀ ਵਾਰ 100 ਤੋਂ ਪਾਰ ਹੋਣਗੀਆਂ ਕਿਉਂਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ‘ਲੁੱਟ ਅਤੇ ਕੁੱਟ’ ਵਾਲੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ।

Have any thoughts?

Share your reaction or leave a quick response — we’d love to hear what you think!

You may also like

Leave a Comment