- ਵੋਟਰ ਸੂਚੀਆਂ ਸੁਧਾਰਨ ਦੇ ਨਾਮ ‘ਤੇ ਵੱਡੇ ਪੱਧਰ ‘ਤੇ ਦਲਿਤ ਅਤੇ ਵਿਰੋਧੀ ਧਿਰਾਂ ਦੀ ਵੋਟਾਂ ਨੂੰ ਮਿਟਾਉਣਾ ਅਸਵੀਕਾਰਨਯੋਗ
- ਆਪ ਨੂੰ ਵੋਟਰ ਸੂਚੀ ਦੀ ਅਸਲ ਸੋਧ ‘ਤੇ ਕੋਈ ਇਤਰਾਜ਼ ਨਹੀਂ, ਪਰ ਸੋਧ ਦੇ ਨਾਮ ‘ਤੇ ਰਾਜਨੀਤੀ ਨਹੀਂ ਹੋਣ ਦਿੱਤੀ ਜਾਵੇਗੀ
- ਆਪ ਦਾ ਹਰ ਵਲੰਟੀਅਰ ਹਰ ਵੋਟ ਦੀ ਕਰੇਗਾ ਰਾਖੀ, ਪੰਜਾਬ ਵਿੱਚ ਭਾਜਪਾ ਦੀ ਯੋਜਨਾ ਨਹੀਂ ਹੋਣ ਦਿੱਤੀ ਜਾਵੇਗੀ ਕਾਮਯਾਬ
ਚੰਡੀਗੜ੍ਹ, 20 ਫਰਵਰੀ : ਆਮ ਆਦਮੀ ਪਾਰਟੀ (ਆਪ) ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਨ ਸੋਧ (ਐਸਆਈਆਰ) ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।। ਆਪ ਆਗੂ ਨੀਲ ਗਰਗ ਨੇ ਕਿਹਾ ਕਿ ਇਹ ਮੁੱਦਾ ਜਨਤਕ ਚਰਚਾ ਦੇ ਨਾਲ-ਨਾਲ ਸੰਸਥਾਗਤ ਜਾਂਚ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਸਿਆਸੀ ਉਦੇਸ਼ਾਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਕਾਰਨ ਚਰਚਾ ਵਿੱਚ ਆਈ ਹੈ।
ਗਰਗ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਨ ਸੋਧ ਇੱਕ ਗੰਭੀਰ ਚਿੰਤਾ ਦਾ ਮੁੱਦਾ ਬਣ ਗਈ ਹੈ। ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ ਹੈ, ਜੋ ਆਪਣੇ ਆਪ ਵਿੱਚ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਐਸਆਈਆਰ ਅਪ੍ਰੈਲ ਤੋਂ ਸ਼ੁਰੂ ਹੋ ਸਕਦੀ ਹੈ, ਅਤੇ ਅਸੀਂ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਕਈ ਇਲਾਕਿਆਂ ਅਤੇ ਬੂਥਾਂ ‘ਤੇ ਜਿੱਥੇ ਵਿਰੋਧੀ ਧਿਰ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਖਾਸ ਤੌਰ ‘ਤੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਿਆਸੀ ਹਿੱਤਾਂ ਲਈ ਵੋਟਰ ਸੋਧ ਪ੍ਰਕਿਰਿਆ ਦੀ ਵਰਤੋਂ ਕਰਨਾ ਅਸਵੀਕਾਰਨਯੋਗ ਹੈ।
ਪਾਰਟੀ ਦਾ ਪੱਖ ਸਪੱਸ਼ਟ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਆਪ ਆਦਮੀ ਪਾਰਟੀ ਨੂੰ ਵੋਟਰ ਸੂਚੀ ਦੀ ਅਸਲ ਸੁਧਾਰ ਪ੍ਰਕਿਰਿਆ ‘ਤੇ ਕੋਈ ਇਤਰਾਜ਼ ਨਹੀਂ ਹੈ। ਜੇਕਰ ਕਿਸੇ ਵੋਟਰ ਦੀ ਮੌਤ ਹੋ ਗਈ ਹੈ ਜਾਂ ਉਹ ਕਿਤੇ ਹੋਰ ਚਲਾ ਗਿਆ ਹੈ, ਤਾਂ ਉਨ੍ਹਾਂ ਦੇ ਨਾਮ ਨੂੰ ਨਿਸ਼ਚਿਤ ਤੌਰ ‘ਤੇ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਪਾਰਦਰਸ਼ੀ ਅਤੇ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਸਹੀ ਸੋਧ ਨਾਲ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ।
ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸੋਧ ਦੇ ਨਾਮ ‘ਤੇ ਰਾਜਨੀਤੀ ਕਰਨ ਅਤੇ ਵਿਰੋਧੀ ਧਿਰ ਦੀਆਂ ਵੋਟਾਂ ਨੂੰ ਵੱਡੀ ਗਿਣਤੀ ਵਿੱਚ ਕੱਟਣ ਦਾ ਸਖ਼ਤ ਵਿਰੋਧ ਕਰਦੇ ਹਾਂ। ਅਜਿਹੀਆਂ ਕਾਰਵਾਈਆਂ ਬਰਦਾਸ਼ਤ ਤੋਂ ਬਾਹਰ ਹਨ।
ਸਖ਼ਤ ਚੇਤਾਵਨੀ ਦਿੰਦਿਆਂ ਨੀਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਅਜਿਹੀ ਯੋਜਨਾ ਨੂੰ ਕਿਸੇ ਵੀ ਕੀਮਤ ‘ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ‘ਆਪ’ ਦਾ ਹਰ ਵਲੰਟੀਅਰ ਹਰ ਵੋਟ ‘ਤੇ ਤਿੱਖੀ ਨਜ਼ਰ ਰੱਖੇਗਾ। ਅਸੀਂ ਵੋਟਰ ਪੱਧਰ ‘ਤੇ ਜਾਗਰੂਕਤਾ ਪੈਦਾ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਸਆਈਆਰ ਦੇ ਨਾਂ ‘ਤੇ ਕੋਈ ਧੋਖਾਧੜੀ ਨਾ ਹੋਵੇ।

Have any thoughts?
Share your reaction or leave a quick response — we’d love to hear what you think!
