Home ਪੰਜਾਬਬਾਦਲ ਪਰਿਵਾਰ ਨੇ SGPC ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ, ਲੰਗਰ ਦੀ ਕਣਕ ਤੱਕ ਨਹੀਂ ਛੱਡੀ : ਗਿੱਲ

ਬਾਦਲ ਪਰਿਵਾਰ ਨੇ SGPC ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ, ਲੰਗਰ ਦੀ ਕਣਕ ਤੱਕ ਨਹੀਂ ਛੱਡੀ : ਗਿੱਲ

by Live 24 Punjabi
  • ਸ਼੍ਰੀ ਅੰਬ ਸਾਹਿਬ ਗੁਰਦੁਆਰਾ ਜ਼ਮੀਨ ਘੁਟਾਲੇ ‘ਤੇ ਗਿੱਲ ਨੇ ਕਿਹਾ- ਮੈਨੇਜਰ ਸਿਰਫ਼ ਮੋਹਰਾ, ਅਸਲੀ ਖਿਡਾਰੀ ਕੋਈ ਹੋਰ ਹੀ ਹੈ
  • ਚੋਣ ਫੰਡ ਇਕੱਠਾ ਕਰਨ ਲਈ ਵੇਚੀਆਂ ਜਾ ਰਹੀਆਂ ਐਸਜੀਪੀਸੀ ਦੀਆਂ ਜਾਇਦਾਦਾਂ, ਪ੍ਰਧਾਨ ਧਾਮੀ ਤੁਰੰਤ ਅਸਤੀਫ਼ਾ ਦੇਣ
  • ਸ਼੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹਨ ਸੁਖਬੀਰ-ਮਜੀਠੀਆ, 90 ਲੱਖ ਦੇ ਇਸ਼ਤਿਹਾਰਾਂ ਦੀ ਰਸੀਦ ਜਨਤਕ ਕਰਨ

ਚੰਡੀਗੜ੍ਹ, 19 ਫਰਵਰੀ : ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਕਾਰਜਪ੍ਰਣਾਲੀ ਅਤੇ ਇਸ ਵਿੱਚ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ‘ਤੇ ਤਿੱਖਾ ਹਮਲਾ ਕੀਤਾ ਹੈ। ਗਿੱਲ ਨੇ ਕਿਹਾ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਅੱਜ ਭ੍ਰਿਸ਼ਟਾਚਾਰ ਦਾ ਗੜ੍ਹ ਬਣ ਚੁੱਕੀ ਹੈ ਅਤੇ ਇਸ ਦੇ ਪਿੱਛੇ ਸਿੱਧੇ ਤੌਰ ‘ਤੇ ਬਾਦਲ ਪਰਿਵਾਰ ਦਾ ਹੱਥ ਹੈ।

ਤਲਬੀਰ ਸਿੰਘ ਗਿੱਲ ਨੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੀ ਜ਼ਮੀਨ ਵੇਚੇ ਜਾਣ ਦੇ ਮਾਮਲੇ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਨਣਾ ਮੁਸ਼ਕਲ ਹੈ ਕਿ ਇਕ ਮਾਮੂਲੀ ਮੈਨੇਜਰ ਬਿਨਾਂ ਕਿਸੇ ਪ੍ਰਭਾਵਸ਼ਾਲੀ ਸਿਆਸੀ ਸਰਪ੍ਰਸਤੀ ਦੇ ਇੰਨਾ ਵੱਡਾ ਘੁਟਾਲਾ ਕਿਵੇਂ ਕਰ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੈਨੇਜਰ ਤਾਂ ਸਿਰਫ਼ ਇਕ ਮੋਹਰਾ ਹੈ, ਅਸਲੀ ਖੇਡ ਪਿੱਛੇ ਬੈਠੇ ‘ਆਕਾ’ ਖੇਡ ਰਹੇ ਹਨ। ਗਿੱਲ ਨੇ ਖ਼ਦਸ਼ਾ ਪ੍ਰਗਟਾਇਆ ਕਿ ਐਸਜੀਪੀਸੀ ਦੀਆਂ ਕੀਮਤੀ ਜਾਇਦਾਦਾਂ ਨੂੰ ਵੇਚ ਕੇ ਆਉਣ ਵਾਲੀਆਂ ਚੋਣਾਂ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ, ਤਾਂ ਜੋ ਬਾਦਲ ਦਲ ਆਪਣੀ ਸਿਆਸੀ ਜ਼ਮੀਨ ਬਚਾ ਸਕੇ।

ਗਿਆਨੀ ਰਘਬੀਰ ਸਿੰਘ ਜੀ ਦੇ ਹਾਲੀਆ ਬਿਆਨ ਦਾ ਹਵਾਲਾ ਦਿੰਦਿਆਂ ਗਿੱਲ ਨੇ ਕਿਹਾ ਕਿ ਇਹ ਸੁਣ ਕੇ ਦੁਖ ਹੁੰਦਾ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ 5-5 ਲੱਖ ਰੁਪਏ ਵਿੱਚ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਕਰੋੜਾਂ ਦੇ ਰਾਸ਼ਨ ਘੁਟਾਲੇ ਅਤੇ ਪਾਠਾਂ ਦੀ ਵਿਕਰੀ ਦੇ ਕੀਤੇ ਖੁਲਾਸੇ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗਿੱਲ ਨੇ ਕਿਹਾ ਕਿ ਧਾਮੀ ਸਾਹਿਬ ਇਨ੍ਹਾਂ ਘੁਟਾਲਿਆਂ ਨੂੰ ‘ਛੋਟੇ-ਮੋਟੇ’ ਦੱਸ ਕੇ ਗੁਰੂ ਦੀ ਗੋਲਕ ਲੁੱਟਣ ਵਾਲਿਆਂ ਨੂੰ ਬਚਾ ਰਹੇ ਹਨ।

ਗਿੱਲ ਨੇ ਸਿੱਧੇ ਤੌਰ ‘ਤੇ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਸਵਾਲ ਕੀਤਾ ਕਿ ਜੇਕਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਹਨ, ਤਾਂ 90 ਲੱਖ ਰੁਪਏ ਦੇ ਇਸ਼ਤਿਹਾਰਾਂ ਦੇ ਪੈਸੇ ਜਮ੍ਹਾਂ ਕਰਾਉਣ ਦੀ ਰਸੀਦ ਸੰਗਤ ਨੂੰ ਕਿਉਂ ਨਹੀਂ ਦਿਖਾਉਂਦੇ? ਉਨ੍ਹਾਂ ਕਿਹਾ ਕਿ ਹੁਕਮਨਾਮਾ ਹੋਣ ਦੇ ਬਾਵਜੂਦ ਪੈਸੇ ਜਮ੍ਹਾਂ ਨਾ ਕਰਵਾਉਣਾ ਸਾਬਤ ਕਰਦਾ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਅਤੇ ਦੋਸ਼ੀ ਹਨ। ਅਕਾਲੀ ਦਲ ਅਤੇ ਐਸਜੀਪੀਸੀ ਸਿਰਫ਼ ਆਪਣੀਆਂ ਜੇਬਾਂ ਭਰਨ ਵਾਲੇ ਚਾਟੂਕਾਰਾਂ ਨੂੰ ਹੀ ਮੈਨੇਜਰ ਅਤੇ ਸਕੱਤਰ ਦੇ ਅਹੁਦਿਆਂ ‘ਤੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਇਕ ਸਕੱਤਰ ਤੋਂ 85 ਵਿਭਾਗ ਵਾਪਸ ਲੈਣ ਦੇ ਡਰਾਮੇ ਨੂੰ ਮਹਿਜ਼ ਇਕ ਢੋਂਗ ਕਰਾਰ ਦਿੱਤਾ।

ਗਿੱਲ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਐਸਜੀਪੀਸੀ ਦੇ ਕੁਝ ਖ਼ਾਸ ਮੈਂਬਰਾਂ ਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕੀਤੇ ਹੋਏ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਸੰਗਤ ਵੱਲੋਂ ਭੇਜੀ ਗਈ ਕਣਕ ਨੂੰ ਵੇਚ ਕੇ ਇਕ ਖ਼ਾਸ ਮੈਂਬਰ ਡਕਾਰ ਗਿਆ ਅਤੇ ਦੋ ਸਾਲ ਤੱਕ ਉਸ ਦੇ ਪੈਸੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਜੋ ਲੋਕ ਗੁਰੂ ਦੇ ਲੰਗਰ ਦੀ ਕਣਕ ਖਾ ਸਕਦੇ ਹਨ, ਉਨ੍ਹਾਂ ਤੋਂ ਪੰਥ ਦੀ ਭਲਾਈ ਦੀ ਉਮੀਦ ਰੱਖਣੀ ਬੇਕਾਰ ਹੈ।

ਤਲਬੀਰ ਸਿੰਘ ਗਿੱਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਅਤੇ ਮਜੀਠੀਆ ਚਾਹੇ ਕਿੰਨੀਆਂ ਵੀ ਰੈਲੀਆਂ ਕਰ ਲੈਣ ਜਾਂ ਮੁਆਫ਼ੀਨਾਮੇ ਲਿਖ ਲੈਣ, ਪਰ ਹੁਣ ਅਕਾਲ ਪੁਰਖ ਅਤੇ ਗੁਰੂ ਦੀ ਸੰਗਤ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਐਸਜੀਪੀਸੀ ਦੇ ਇਮਾਨਦਾਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਇਸ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਸੰਸਥਾ ਦੀ ਮਰਯਾਦਾ ਨੂੰ ਬਚਾਉਣ।

Have any thoughts?

Share your reaction or leave a quick response — we’d love to hear what you think!

You may also like

Leave a Comment