ਸ੍ਰੀ ਅਨੰਦਪੁਰ ਸਾਹਿਬ : ਫ਼ਿਰੋਜ਼ਪੁਰ ਅਤੇ ਮੋਗਾ ਕੋਰਟ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਰੂਪਨਗਰ (ਰੋਪੜ) ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਕੋਰਟ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ।
ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੁਲਿਸ ਨੇ ਅਦਾਲਤੀ ਕੰਪਲੈਕਸ ਖ਼ਾਲੀ ਕਰਵਾ ਦਿੱਤੇ ਹਨ। ਅਦਾਲਤੀ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਧਮਕੀ ਮਿਲੀ ਹੈ ਕਿ ਰੂਪਨਗਰ ਅਦਾਲਤ ਅਤੇ ਅਨੰਦਪੁਰ ਸਾਹਿਬ ਅਦਾਲਤ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਵਾਲੀ ਮੇਲ ਦੇ ਆਉਣ ਤੋਂ ਬਾਅਦ ਕੋਰਟ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਤੇ ਮੌਕੇ ਤੇ ਪੁਲਿਸ ਵੱਲੋਂ ਘੇਰਾਬੰਦੀ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਮੇਲ ਆਈ ਜਿਸ ਵਿੱਚ ਕੋਰਟ ਕੰਪਲੈਕਸ ਵਿੱਚ ਬੰਬ ਹੋਣ ਦੀ ਗੱਲ ਲਿਖੀ ਹੋਈ ਸੀ।
ਧਮਕੀ ਮੇਲ ਕਦੋਂ ਤੇ ਕਿਹੜੇ ਅਧਿਕਾਰੀ ਕੋਲ ਆਈ ਇਸ ਬਾਰੇ ਪੁਲਿਸ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਸੁਰੱਖਿਆ ਦੇ ਮੱਦੇਨਜ਼ਰ ਮੌਕੇ ਤੇ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਕੋਰਟ ਕੰਪਲੈਕਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਪੁੱਜੇ ਚੌਂਕੀ ਇੰਚਾਰਜ ਜਸਮੇਰ ਸਿੰਘ ਨੇ ਦੱਸਿਆ ਕਿ ਬੰਬ ਦੀ ਧਮਕੀ ਵਾਲੀ ਮੇਲ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਆਦੇਸ਼ਾਂ ‘ਤੇ ਉਹਨਾਂ ਨੂੰ ਇੱਥੇ ਭੇਜਿਆ ਗਿਆ ਹੈ ਅਤੇ ਪੂਰੇ ਕੋਰਟ ਕੰਪਲੈਕਸ ਦੀ ਤਲਾਸ਼ੀ ਜਾਰੀ ਹੈ।

Have any thoughts?
Share your reaction or leave a quick response — we’d love to hear what you think!
