- ਕਾਕਰੋਚ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ
ਨਵੀਂ ਦਿੱਲੀ, 21 ਮਈ। ਸੀਜੇਆਈ ਸੂਰਿਆਕਾਂਤ ਦੇ ਕਥਿਤ “ਕਾਕਰੋਚ” ਬਿਆਨ ਦੇ ਵਿਰੋਧ ਵਿੱਚ ਬਣਾਈ ਗਈ ਕਾਕਰੋਚ ਜਨਤਾ ਪਾਰਟੀ (CJP) ਦੇ X (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਵੀਰਵਾਰ ਨੂੰ ਰੋਕ ਲਾ ਦਿੱਤੀ ਗਈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ।
ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ 12 ਵਜੇ ਤੱਕ ਪਾਰਟੀ ਦੇ X ਅਕਾਊਂਟ ‘ਤੇ ਕਰੀਬ 1.09 ਲੱਖ ਫਾਲੋਅਰਜ਼ ਸਨ। ਅਕਾਊਂਟ ‘ਤੇ ਰੋਕ ਲੱਗਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਕਾਰਵਾਈ ਨੂੰ ਲੈ ਕੇ ਤਿੱਖੀ ਚਰਚਾ ਸ਼ੁਰੂ ਹੋ ਗਈ। ਕਈ ਯੂਜ਼ਰਾਂ ਨੇ ਇਸਨੂੰ ਅਭਿਵਿਅਕਤੀ ਦੀ ਆਜ਼ਾਦੀ ਨਾਲ ਜੋੜਿਆ, ਜਦਕਿ ਕੁਝ ਲੋਕਾਂ ਨੇ ਪਲੇਟਫਾਰਮ ਦੀਆਂ ਨੀਤੀਆਂ ਦਾ ਹਵਾਲਾ ਦਿੰਦਿਆਂ ਇਸ ਕਾਰਵਾਈ ਨੂੰ ਠੀਕ ਕਰਾਰ ਦਿੱਤਾ।
ਕਾਕਰੋਚ ਜਨਤਾ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਚਰਚਾ ਵਿੱਚ ਆਈ ਹੋਈ ਹੈ। ਖਾਸ ਤੌਰ ‘ਤੇ ਇੰਸਟਾਗ੍ਰਾਮ ‘ਤੇ ਪਾਰਟੀ ਦੀ ਲੋਕਪ੍ਰਿਯਤਾ ਨੇ ਸਭ ਦਾ ਧਿਆਨ ਖਿੱਚਿਆ ਹੈ। ਪਾਰਟੀ ਨਾਲ ਜੁੜੇ ਅਕਾਊਂਟਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਿਰਫ 6 ਦਿਨਾਂ ਵਿੱਚ ਉਨ੍ਹਾਂ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 13.6 ਮਿਲੀਅਨ ਤੱਕ ਪਹੁੰਚ ਗਈ। ਇਹ ਅੰਕੜਾ ਭਾਰਤੀ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਫਾਲੋਅਰਜ਼ ਨਾਲੋਂ ਕਰੀਬ ਡੇਢ ਗੁਣਾ ਵੱਧ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਦਾਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪੋਸਟਾਂ ਅਤੇ ਮੀਮਾਂ ਰਾਹੀਂ CJP ਨੇ ਨੌਜਵਾਨਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪਾਰਟੀ ਦਾ ਨਾਮ ਅਤੇ ਇਸ ਦਾ ਪ੍ਰਤੀਕ ਵੀ ਇੰਟਰਨੈੱਟ ਯੂਜ਼ਰਾਂ ਵਿਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਕਈ ਕੰਟੈਂਟ ਕ੍ਰੀਏਟਰਾਂ ਅਤੇ ਮੀਮ ਪੇਜਾਂ ਨੇ ਵੀ ਇਸ ਟ੍ਰੈਂਡ ਨੂੰ ਹੋਰ ਵਧਾਇਆ, ਜਿਸ ਕਾਰਨ ਇਸ ਦੀ ਆਨਲਾਈਨ ਪਹੁੰਚ ਲਗਾਤਾਰ ਵਧਦੀ ਗਈ।
ਫਿਲਹਾਲ X ਵੱਲੋਂ ਅਕਾਊਂਟ ‘ਤੇ ਰੋਕ ਲਗਾਉਣ ਬਾਰੇ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਦੂਜੇ ਪਾਸੇ ਪਾਰਟੀ ਸਮਰਥਕਾਂ ਨੇ ਅਕਾਊਂਟ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।
