- ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ
ਲੁਧਿਆਣਾ, 20 ਮਈ : ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕਤਲ ਦੀ ਸਾਜ਼ਿਸ਼ ਨਾਲ ਜੁੜੇ ਹੋਰ ਖੁਲਾਸੇ ਕੀਤੇ ਜਾਣਗੇ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੀ ਪਛਾਣ ਪ੍ਰੀਤਮ ਅਤੇ ਕਮਜੀਤ ਵਜੋਂ ਹੋਈ ਹੈ, ਜਦਕਿ ਇੱਕ ਹੋਰ ਵਿਅਕਤੀ ਦੀ ਪਛਾਣ ਹਾਲੇ ਜਾਰੀ ਹੈ। ਯਸ਼ਿੰਦਰ ਦੀ ਲਾਸ਼ ਸਮਰਾਲਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ, ਯਸ਼ਿੰਦਰ ਕੌਰ ਦੀ ਜਾਣ-ਪਛਾਣ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਨਾਲ ਇੰਸਟਾਗ੍ਰਾਮ ਰਾਹੀਂ ਹੋਈ ਸੀ। ਦੋਹਾਂ ਵਿਚਕਾਰ ਦੋਸਤੀ ਹੋਈ ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਦੋਵੇਂ ਲਗਭਗ ਛੇ ਸਾਲਾਂ ਤੋਂ ਇਕ-ਦੂਜੇ ਦੇ ਕਰੀਬ ਸਨ ਅਤੇ ਵਿਆਹ ਦੀਆਂ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਸਨ।
ਪਰਿਵਾਰ ਦਾ ਕਹਿਣਾ ਹੈ ਕਿ ਸੁੱਖੀ ਬਰਾੜ ਜਦੋਂ ਵੀ ਕੈਨੇਡਾ ਤੋਂ ਪੰਜਾਬ ਆਉਂਦਾ ਸੀ ਤਾਂ ਯਸ਼ਿੰਦਰ ਨੂੰ ਮਿਲਦਾ ਸੀ। 11 ਜਨਵਰੀ ਨੂੰ ਯਸ਼ਿੰਦਰ ਦੇ ਜਨਮ ਦਿਨ ਮੌਕੇ ਵੀ ਉਹ ਉਸਦੇ ਘਰ ਆਇਆ ਸੀ ਅਤੇ ਮਾਰਚ ਵਿੱਚ ਵਿਆਹ ਕਰਨ ਦਾ ਭਰੋਸਾ ਦਿੱਤਾ ਸੀ।
ਵਿਆਹਿਆ ਹੋਣ ਦੀ ਸੱਚਾਈ ਬਣੀ ਵਿਵਾਦ ਦੀ ਜੜ੍ਹ
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੁੱਖੀ ਬਰਾੜ ਨੇ ਯਸ਼ਿੰਦਰ ਤੋਂ ਆਪਣੀ ਪਹਿਲਾਂ ਤੋਂ ਹੋਈ ਸ਼ਾਦੀ ਦੀ ਗੱਲ ਲੁਕਾਈ ਹੋਈ ਸੀ। ਜਦੋਂ ਯਸ਼ਿੰਦਰ ਨੂੰ ਇਸ ਸੱਚਾਈ ਬਾਰੇ ਪਤਾ ਲੱਗਿਆ ਤਾਂ ਉਸ ਨੇ ਸੁੱਖੀ ਬਰਾੜ ‘ਤੇ ਵਿਆਹ ਕਰਨ ਲਈ ਦਬਾਅ ਬਣਾਇਆ। ਇਸ ਤੋਂ ਬਾਅਦ ਦੋਹਾਂ ਵਿਚਕਾਰ ਤਣਾਅ ਵਧ ਗਿਆ।
ਯਸ਼ਿੰਦਰ ਦੇ ਭਰਾ ਜੋਤਿੰਦਰ ਸਿੰਘ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਸਦੀ ਭੈਣ ਕਰਿਆਨੇ ਦਾ ਸਮਾਨ ਲੈਣ ਗਈ ਸੀ। ਵਾਪਸੀ ਦੌਰਾਨ ਸੁੱਖੀ ਬਰਾੜ ਅਤੇ ਉਸਦੇ ਸਾਥੀਆਂ ਨੇ ਉਸ ਨੂੰ ਰੋਕਿਆ। ਦੋਸ਼ ਹੈ ਕਿ ਪਹਿਲਾਂ ਉਸ ਨੂੰ ਗੱਲਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਿਰ ਜ਼ਬਰਦਸਤੀ ਆਪਣੇ ਨਾਲ ਲੈ ਜਾਇਆ ਗਿਆ।
ਸੁੱਖੀ ਬਰਾੜ ਨੇਪਾਲ ਦੇ ਰਸਤੇ ਕੈਨੇਡਾ ਭੱਜਿਆ
ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਕਤਲ ਤੋਂ ਬਾਅਦ ਸੁੱਖੀ ਬਰਾੜ ਨੇਪਾਲ ਦੇ ਰਸਤੇ ਕੈਨੇਡਾ ਭੱਜ ਗਿਆ। ਪੁਲਿਸ ਹੁਣ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਕਤਲ ਦੀ ਸਾਜ਼ਿਸ਼ ਪਹਿਲਾਂ ਤੋਂ ਰਚੀ ਗਈ ਸੀ ਅਤੇ ਇਸ ਵਿੱਚ ਹੋਰ ਲੋਕ ਵੀ ਸ਼ਾਮਲ ਸਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਕਤਲ ਦੀ ਪੂਰੀ ਸਾਜ਼ਿਸ਼ ਅਤੇ ਭੱਜਣ ਦੇ ਰੂਟ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
