- ਲੰਗਰ ਹਾਲ ਵਿੱਚ ਕੀਤੀ ਸੇਵਾ, ਪ੍ਰਸ਼ੰਸਕਾਂ ਨਾਲ ਖਿਚਵਾਈਆਂ ਤਸਵੀਰਾਂ
ਅੰਮ੍ਰਿਤਸਰ, 9 ਮਈ : ਬਾਲੀਵੁੱਡ ਅਦਾਕਾਰਾ ਅਤੇ Punjab Kings ਦੀ ਸਹਿ-ਮਾਲਕਾ Preity Zinta ਸ਼ਨੀਵਾਰ ਰਾਤ ਨੂੰ Golden Temple ਵਿਖੇ ਨਤਮਸਤਕ ਹੋਣ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਟੀਮ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਆਸ਼ੀਰਵਾਦ ਮੰਗਿਆ।
ਪ੍ਰੀਤੀ ਜ਼ਿੰਟਾ ਦੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਸ਼ਰਧਾਲੂਆਂ ਅਤੇ ਪ੍ਰਸ਼ੰਸਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਲੋਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ, ਜਦਕਿ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਸਾਦਗੀ ਭਰੇ ਅੰਦਾਜ਼ ਵਿੱਚ ਪਹੁੰਚੀ ਪ੍ਰੀਤੀ ਨੇ ਸਾਰੇ ਸ਼ਰਧਾਲੂਆਂ ਨਾਲ ਬਹੁਤ ਹੀ ਨਿਮਰਤਾ ਨਾਲ ਮੁਲਾਕਾਤ ਕੀਤੀ।
ਅਰਦਾਸ ਕਰਨ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਲੰਗਰ ਹਾਲ ਵਿੱਚ ਸੇਵਾ ਵੀ ਕੀਤੀ। ਇਸ ਦੌਰਾਨ ਉਹ ਸ਼ਰਧਾਲੂਆਂ ਨੂੰ ਆਪਣੇ ਹੱਥਾਂ ਨਾਲ ਲੰਗਰ ਵੰਡਦੀ ਨਜ਼ਰ ਆਈ। ਉਨ੍ਹਾਂ ਦੀ ਇਸ ਸੇਵਾ ਭਾਵਨਾ ਦੀ ਲੋਕਾਂ ਵੱਲੋਂ ਕਾਫ਼ੀ ਸਰਾਹਨਾ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਤੀ ਜ਼ਿੰਟਾ ਨੇ ਕਿਹਾ, “ਬਾਬਾ ਜੀ ਦਾ ਬੁਲਾਵਾ ਆਇਆ ਸੀ ਅਤੇ ਅਸੀਂ ਆ ਗਏ।” ਉਨ੍ਹਾਂ ਦੱਸਿਆ ਕਿ 11 ਮਈ ਨੂੰ ਪੰਜਾਬ ਕਿੰਗਜ਼ ਦਾ ਇੱਕ ਮਹੱਤਵਪੂਰਨ ਮੈਚ ਹੈ ਅਤੇ ਉਹ ਟੀਮ ਦੀ ਜਿੱਤ ਲਈ ਅਰਦਾਸ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਈ ਹੈ।
ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਪਲੇਆਫ ਤੱਕ ਪਹੁੰਚਣ ਲਈ ਪੂਰੀ ਕੋਸ਼ਿਸ਼ ਕਰੇਗੀ। ਟੀਮ ਦੇ ਕਪਤਾਨ Shreyas Iyer ਬਾਰੇ ਗੱਲ ਕਰਦਿਆਂ ਪ੍ਰੀਤੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਉਸਨੂੰ ਪਿਆਰ ਨਾਲ “ਸਰਪੰਚ” ਕਹਿੰਦੇ ਹਨ, ਜੋ ਟੀਮ ਲਈ ਮਾਣ ਵਾਲੀ ਗੱਲ ਹੈ।
ਪ੍ਰੀਤੀ ਜ਼ਿੰਟਾ ਨੇ ਪੰਜਾਬ ਦੇ ਨੌਜਵਾਨਾਂ ਅਤੇ ਕ੍ਰਿਕਟ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦਾ ਇਹ ਪਿਆਰ ਹੀ ਖਿਡਾਰੀਆਂ ਦੇ ਮਨੋਬਲ ਨੂੰ ਮਜ਼ਬੂਤ ਕਰਦਾ ਹੈ ਅਤੇ ਟੀਮ ਦੀ ਸਭ ਤੋਂ ਵੱਡੀ ਤਾਕਤ ਬਣਦਾ ਹੈ।
