ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (ਕਾਊਂਟਰ ਇੰਟੈਲੀਜੈਂਸ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਐਕਟਿਵ ਮੈਂਬਰ ਖੁਸਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨੇਹਾ ਨੂੰ ਗੈਂਗ ਵਿੱਚ “ਮੈਡਮ ਜ਼ਹਿਰ” ਵਜੋਂ ਜਾਣਿਆ ਜਾਂਦਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਨੇਹਾ ਉੱਤਰ-ਪੂਰਬੀ ਦਿੱਲੀ ‘ਚ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਹਾਲਾਂਕਿ, ਇਸ ਪਾਰਲਰ ਦੀ ਆੜ ‘ਚ, ਉਹ ਅਸਲ ‘ਚ ਲਾਰੈਂਸ ਬਿਸ਼ਨੋਈਅਤੇ ਹਾਸ਼ਿਮ ਬਾਬਾ ਗੈਂਗ ਲਈ ਡਰੱਗ ਸਿੰਡੀਕੇਟ ਤੇ ਹਥਿਆਰਾਂ ਦੀ ਸਪਲਾਈ ਦੇ ਕਾਰਜਾਂ ਦਾ ਪ੍ਰਬੰਧਨ ਕਰ ਰਹੀ ਸੀ।
ਪੁਲਿਸ ਨੇ ਉਸ ਨੂੰ ਮਹੀਪਾਲਪੁਰ ਫਲਾਈਓਵਰ ਦੇ ਨੇੜੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਨੇਹਾ ਬੌਬੀ ਕਬੂਤਰ ਉਰਫ਼ ਮਹਿਫੂਜ਼ ਦੀ ਪ੍ਰੇਮਿਕਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਗਨਮੈਨ ਤੇ ਹਥਿਆਰ ਸਪਲਾਇਰ ਹੈ। ਦੋਵੇਂ ਪਿਛਲੇ ਸੱਤ ਸਾਲਾਂ ਤੋਂ ਸੰਪਰਕ ‘ਚ ਹਨ। ਬੌਬੀ ਕਬੂਤਰ ਉਹ ਅਪਰਾਧੀ ਹੈ, ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ ਤੇ ਕਾਤਲਾਂ ਨੂੰ ਮੂਸੇਵਾਲਾ ਦੇ ਰੂਟ ਤੇ ਮੂਵਮੈਂਟ ਬਾਰੇ ਸਹੀ ਜਾਣਕਾਰੀ ਦਿੱਤੀ ਸੀ।

ਬੌਬੀ ਕਬੂਤਰ ਦਾ ਨੈੱਟਵਰਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਸਲੀਮ ਪਿਸਟਲ ਤੱਕ ਫੈਲਿਆ ਹੋਇਆ ਸੀ। ਉਸ ਨੇ ਬਿਸ਼ਨੋਈ ਤੇ ਹਾਸ਼ਿਮ ਬਾਬਾ ਗੈਂਗਾਂ ਨੂੰ ਹਥਿਆਰ ਸਪਲਾਈ ਕਰਨ ਲਈ ਸਲੀਮ ਪਿਸਟਲ ਦੀ ਵਰਤੋਂ ਕੀਤੀ। ਮੂਸੇਵਾਲਾ ਕਤਲ ਕਾਂਡ ਤੋਂ ਲੈ ਕੇ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ, ਦਿੱਲੀ ‘ਚ ਨਾਦਿਰ ਸ਼ਾਹ ਕਤਲ ਕਾਂਡ ਤੇ ਸੀਲਮਪੁਰ ਡਬਲ ਮਰਡਰ ਤੱਕ, ਇਨ੍ਹਾਂ ਹਥਿਆਰਿਆਂ ਦਾ ਇਸਤੇਮਾਲ ਕਈ ਗੰਭੀਰ ਅਪਰਾਧਿਕ ਵਾਰਦਾਤਾਂ ‘ਚ ਹੋਇਆ।
ਲਾਰੈਂਸ ਬਿਸ਼ਨੋਈ ਗੈਂਗ ਦੇ ਅੰਦਰ “ਲੇਡੀ ਡੌਨਜ਼” ਦਾ ਟ੍ਰੈਂਡ ਤੇਜ਼ੀ ਨਾਲ ਵਧਿਆ ਹੈ। ਹਾਸ਼ਿਮ ਬਾਬਾ ਦੀ ਪਤਨੀ ਜ਼ੋਇਆ ਖਾਨ ਇਸ ਸਮੇਂ ਜੇਲ੍ਹ ‘ਚ ਹੈ। ਦੀਪਾ ਚੰਡੀਗੜ੍ਹ ਦੀ ਲੇਡੀ ਡੌਨ ਹੈ। ਨੇਹਾ, ਜਿਸ ਨੂੰ ਮੈਡਮ ਜ਼ਹਿਰ ਵੀ ਕਿਹਾ ਜਾਂਦਾ ਹੈ, ਹੁਣ ਪੁਲਿਸ ਹਿਰਾਸਤ ‘ਚ ਹੈ।

Have any thoughts?
Share your reaction or leave a quick response — we’d love to hear what you think!
