- ਸਿਵਲ ਹਸਪਤਾਲ ਤੋਂ ਮੈਡੀਕਲ ਚੈਕਅੱਪ ਮਗਰੋਂ ਵਾਪਰਿਆ ਹਾਦਸਾ, ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
ਹੁਸ਼ਿਆਰਪੁਰ, 17 ਮਈ : ਹੁਸ਼ਿਆਰਪੁਰ ਤੋਂ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕੈਦੀ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵਿਚਾਲੇ ਹੋਈ ਝੜਪ ਦੌਰਾਨ ਕੈਦੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਰੋਜ਼ਾਨਾ ਦੀ ਤਰ੍ਹਾਂ ਪੁਲਿਸ ਮੁਲਾਜ਼ਮ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ੀ ਲਈ ਲਿਜਾਣ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਮੈਡੀਕਲ ਚੈਕਅੱਪ ਲਈ ਲੈ ਕੇ ਆਏ ਸਨ। ਇਸੇ ਦੌਰਾਨ ਕੈਦੀ ਨਸੀਬ ਨੂੰ ਵੀ ਪੁਲਿਸ ਟੀਮ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਸੀ।
ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਸਿਵਲ ਹਸਪਤਾਲ ਪਹੁੰਚ ਕੇ ਮੀਡੀਆ ਨੂੰ ਦੱਸਿਆ ਕਿ ਮੈਡੀਕਲ ਜਾਂਚ ਪੂਰੀ ਹੋਣ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮ ਨਸੀਬ ਨੂੰ ਈ-ਰਿਕਸ਼ਾ ਰਾਹੀਂ ਵਾਪਸ ਲੈ ਕੇ ਜਾ ਰਹੇ ਸਨ, ਤਾਂ ਅਚਾਨਕ ਉਸ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰ ਦਿੱਤਾ।
ਪੁਲਿਸ ਮੁਤਾਬਕ ਕੈਦੀ ਨੇ ਮੁਲਾਜ਼ਮ ‘ਤੇ ਕਈ ਵਾਰ ਕੀਤੇ, ਜਿਸ ਕਾਰਨ ਹਾਲਾਤ ਬੇਕਾਬੂ ਹੋ ਗਏ। ਆਪਣੇ ਬਚਾਅ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਗੋਲੀ ਚਲਾਈ ਗਈ, ਜੋ ਕੈਦੀ ਨਸੀਬ ਨੂੰ ਲੱਗੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਘਟਨਾ ਵਿੱਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਅਤੇ ਹਸਪਤਾਲ ਇਲਾਕੇ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੈਦੀ ਕੋਲ ਤੇਜ਼ਧਾਰ ਹਥਿਆਰ ਕਿਵੇਂ ਪਹੁੰਚਿਆ। ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

Have any thoughts?
Share your reaction or leave a quick response — we’d love to hear what you think!
