- ਕਿਹਾ – ‘ਜਿਨ੍ਹਾਂ ਸਰਕਾਰ ਦੱਬਦੀ ਸੀ, ਉਨ੍ਹਾਂ ਵਾਹਿਗੁਰੂ ਬਲ ਬਖ਼ਸ਼ਦਾ ਸੀ’
- ‘ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਪੁਲਿਸ ਮੇਰੇ ‘ਤੇ ਨਵਾਂ ਪਰਚਾ ਦੇਣ ਲੱਗੀ ਹੈ ਤਾਂ ਚਾਅ ਚੜ੍ਹਦਾ ਸੀ
- 2 ਲੱਖ ਰੁਪਏ ਦਾ ਭਰਿਆ ਜ਼ਮਾਨਤੀ ਬਾਂਡ
ਨਾਭਾ/ਜਲੰਧਰ : ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ ਨੂੰ ਸੋਮਵਾਰ ਜ਼ਮਾਨਤ ਮਿਲ ਗਈ ਸੀ ਪਰ ਅਦਾਲਤ ਦੀਆਂ ਕੁਝ ਜ਼ਰੂਰੀ ਕਾਰਵਾਈ ਕਾਰਨ ਉਨ੍ਹਾਂ ਦੀ ਜੇਲ੍ਹ ਵਿਚੋਂ ਰਿਹਾਈ ਅੱਜ ਹੋਈ ਹੈ।
ਬਿਕਰਮ ਸਿੰਘ ਮ਼ਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਣ ਦੇ ਸਾਰ ਹੀ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ। ਉਨ੍ਹਾਂ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਇਸ ਮੌਕੇ ਸੀਨੀਅਰ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਉਨ੍ਹਾਂ ਦੇ ਗਲੇ ਵਿਚ ਸਿਰੋਪਾਓ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਅਕਾਲੀ ਵਰਕਰਾਂ ਤੇ ਸਮਰਥਕਾਂ ਦਾ ਜੇਲ੍ਹ ਦੇ ਬਾਹਰ ਸਵੇਰ ਤੋਂ ਹੀ ਤਾਂਤਾ ਲੱਗਾ ਹੋਇਆ ਸੀ।
ਉਨ੍ਹਾਂ ਦੇ ਬਾਹਰ ਆਉਂਦੇ ਸਾਰ ਹੀ ਬੋਲੇ ਸੋ ਨਿਹਾਲ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਮੌਕੇ ਹਜ਼ਾਰਾਂ ਦੀ ਤਾਦਾਦ ਵਿਚ ਅਕਾਲੀ ਵਰਕਰ ਤੇ ਸੀਨੀਅਰ ਅਕਾਲੀ ਆਗੂ ਪਹੁੰਚੇ। ਬਿਕਰਮ ਸਿੰਘ ਮਜੀਠੀਆ ਦੀ ਇਕ ਝਲਕ ਪਾਉਣ ਲਈ ਪਹੁੰਚੇ ਵਰਕਰਾਂ ਦੇ ਹਜ਼ੂਮ ਨੇ ਬਿਕਰਮ ਤੇਰੀ ਸੋਚ ਉਤੇ ਪਹਿਰਾ ਦਿਆਂਗੇ ਠੋਕ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ‘ਜਿਨ੍ਹਾਂ ਸਰਕਾਰ ਦੱਬਦੀ ਸੀ, ਉਨ੍ਹਾਂ ਵਾਹਿਗੁਰੂ ਬਲ ਬਖ਼ਸ਼ਦਾ ਸੀ’। ‘ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਪੁਲਿਸ ਮੇਰੇ ‘ਤੇ ਨਵਾਂ ਪਰਚਾ ਦੇਣ ਲੱਗੀ ਹੈ ਤਾਂ ਚਾਅ ਚੜ੍ਹਦਾ ਸੀ। ਸਰਕਾਰ ਚਾਹੁੰਦੀ ਸੀ ਕਿ ਮੈਂ ਮਰਿਆ ਬਾਹਰ ਆਵਾਂ। ਮੈਨੂੰ ਸ਼ਹੀਦੀ ਦਿਹਾੜਿਆਂ ਨੇ ਬਹੁਤ ਬਲ ਦਿੱਤਾ। ਬਿਕਰਮ ਸਿੰਘ ਮਜੀਠੀਆ ਨੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ।
ਉਨ੍ਹਾਂ ਨੇ ਕਿਹਾ ਕਿ ਮੈਂ ‘ਦਿਲ ਦੀਆਂ ਗਹਿਰਾਈਆਂ ਤੋਂ ਸੰਤਾਂ-ਮਹਾਂ ਪੁਰਖਾਂ ਦਾ ਧੰਨਵਾਦ ਕਰਦਾ ਹਾਂ। ਮਜੀਠੀਆ ਨੇ ਕਿਹਾ ਕਿ ਬਿਆਸ ਵਾਲੇ ਬਾਬਾ ਜੀ ਨੇ ਮੇਰੇ ‘ਤੇ ਕਿਰਪਾ ਕੀਤੀ ਹੈ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 6 ਮਹੀਨੇ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਹੈ।
ਦੱਸ ਦਇਏ ਕਿ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ, ਯਾਨੀ DA ਕੇਸ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੈ। ਉਹ 2025 ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ 25 ਜੂਨ 2025 ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਕਾਨੂੰਨੀ ਅਤੇ ਸਿਆਸੀ ਚਰਚਾ ਦਾ ਕੇਂਦਰ ਬਣਿਆ ਰਿਹਾ।

Have any thoughts?
Share your reaction or leave a quick response — we’d love to hear what you think!
