ਰਾਮਪੁਰਾ ਫੂਲ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰਾਮਪੁਰਾ ਫੂਲ ’ਚ ਪੰਜਾਬ ਬਚਾਓ ਰੈਲੀ ਕੀਤੀ ਗਈ। ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਹੋਈ। ਇਸ ਦੌਰਾਨ ਸੂਬੇ ਭਰ ਦੀ ਲੀਡਰਸ਼ਿਪ ਰੈਲੀ ’ਚ ਮੌਜੂਦ ਰਹੀ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 40 ਹਲਕਿਆਂ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰੈਲੀ ’ਚ ਪਹੁੰਚਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ ਜਿਸ ’ਚ ਲੋਕਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲਿਆ। ਰੈਲੀ ’ਚ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਰੈਲੀ ਦਾ ਜਾਇਜਾ ਲਿਆ ਗਿਆ ਸੀ।

ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ ਉਸ ਸਮੇਂ ਉਹ ਪੰਜਾਬ ਦੇ ਦਰਿਆਵਾਂ ’ਚ ਇੱਕ ਵੀ ਫੈਕਟਰੀਆਂ ਦਾ ਪਾਣੀ ਨਹੀਂ ਜਾਣ ਦੇਣਗੇ। ਸਰਕਾਰ ਬਣਨ ਮਗਰੋਂ ਕਿਸਾਨਾਂ ਨੂੰ ਪਹਿਲੀ ਕੈਬਨਿਟ ’ਚ ਟਿਊਬਵੈੱਲ ਕਨੈਕਸ਼ਨ ਦਿੱਤੇ ਜਾਣਗੇ। ਨੌਜਵਾਨਾਂ ਨੂੰ ਆਪਣਾ ਕੰਮ ਖੋਲ੍ਹਣ ਲਈ 10 ਲੱਖ ਦਾ ਲੋਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਨੌਜਵਾਨਾਂ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।
ਸੁਖਬੀਰ ਸਿੰਘ ਬਾਦਲ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਇੰਡਸਟਰੀ ’ਚ ਵੀ ਪੰਜਾਬੀ ਨੌਜਵਾਨਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਜਿਸ ਦਿਨ ਸਰਕਾਰ ਬਣੇਗੀ, ਪਹਿਲੇ ਹਫਤੇ ਆਟਾ ਦਾਲ ਸਕੀਮ ਸ਼ੁਰੂ ਹੋਵੇਗੀ। ਨਾਲ ਹੀ ਬਜ਼ੁਰਗਾ ਨੂੰ 3100 ਰੁਪਏ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ। ਨਾਲ ਹੀ ਗਰੀਬ ਬੱਚੀਆਂ ਦੇ ਵਿਆਹ ਦੇ ਲਈ 1 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ।







