- ਲੰਗਰ ਹਾਲ ਵਿੱਚ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ 5 ਸ਼ਰਧਾਲੂ ਜ਼ਖਮੀ, ਦੇਸ਼-ਵਿਦੇਸ਼ਾਂ ਤੋਂ ਚਪੇਹਰਾ ਸਾਹਿਬ ਕਟਣ ਆਉਂਦੀ ਹੈ ਸੰਗਤ
ਅੰਮ੍ਰਿਤਸਰ, 24 ਮਈ : Gurdwara Baba Deep Singh Ji Shaheedan Sahib ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਬੀਬੀਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਅਚਾਨਕ ਲੋਹੇ ਦੀਆਂ ਭਾਰੀ ਪਲੇਟਾਂ ਹੇਠਾਂ ਆ ਡਿੱਗੀਆਂ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਵਿੱਚ ਹਰ ਰੋਜ਼ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਖਾਸ ਕਰਕੇ ਹਰ ਐਤਵਾਰ ਚਪੇਹਰਾ ਸਾਹਿਬ ਕਟਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਂਦੇ ਹਨ। ਹਾਦਸੇ ਸਮੇਂ ਵੀ ਲੰਗਰ ਹਾਲ ਵਿੱਚ ਕਾਫ਼ੀ ਸੰਗਤ ਮੌਜੂਦ ਸੀ।
ਮਿਲੀ ਜਾਣਕਾਰੀ ਮੁਤਾਬਕ ਲੰਗਰ ਹਾਲ ਵਿੱਚ ਨਿਰਮਾਣ ਕਾਰਜ ਦੌਰਾਨ ਉੱਪਰ ਲੱਗੀਆਂ ਲੋਹੇ ਦੀਆਂ ਪਲੇਟਾਂ ਅਚਾਨਕ ਹੇਠਾਂ ਆ ਡਿੱਗੀਆਂ। ਇਸ ਦੌਰਾਨ ਉੱਥੇ ਬੈਠੀਆਂ ਕਈ ਮਹਿਲਾਵਾਂ ਇਸ ਦੀ ਚਪੇਟ ਵਿੱਚ ਆ ਗਈਆਂ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਖ-ਪੁਕਾਰ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ।
ਗੁਰਦੁਆਰਾ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਅਤੇ ਜ਼ਖਮੀਆਂ ਨੂੰ ਮਲਬੇ ਹੇਠੋਂ ਕੱਢ ਕੇ Sri Guru Ram Das Charitable Hospital ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਅਜਨਾਲਾ ਇਲਾਕੇ ਤੋਂ ਚਪੇਹਰਾ ਸਾਹਿਬ ਕਟਣ ਲਈ ਆਈਆਂ ਮਹਿਲਾ ਨੇ ਦੱਸਿਆ ਕਿ ਅਚਾਨਕ ਭਾਰੀ ਆਵਾਜ਼ ਆਈ ਅਤੇ ਉਹ ਜ਼ਮੀਨ ‘ਤੇ ਡਿੱਗ ਪਈ। ਉਸਨੇ ਕਿਹਾ ਕਿ ਉਸ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਅਤੇ ਸੇਵਾਦਾਰਾਂ ਨੇ ਉਸਨੂੰ ਸਹਾਰਾ ਦੇ ਕੇ ਬਾਹਰ ਕੱਢਿਆ। ਉਸਨੇ ਦੱਸਿਆ ਕਿ ਕਈ ਹੋਰ ਬੀਬੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Have any thoughts?
Share your reaction or leave a quick response — we’d love to hear what you think!
