ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ ਹੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਨਿਵੇਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਨਾਲ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਭਾਰਨ ਵਿੱਚ ਹੋਰ ਤੇਜ਼ੀ ਆਏਗੀ।
ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰਿਆਂ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇਤਿਹਾਸਕ ਦੌਰਾ ਉਦਯੋਗਿਕ ਵਿਕਾਸ ਨੂੰ ਤੇਜ਼ੀ ਵਾਲੇ ਪਾਸੇ ਲੈ ਜਾ ਕੇ ਇਸ ਨੂੰ ਜ਼ਰੂਰੀ ਹੁਲਾਰਾ ਦੇਣ ਵਿੱਚ ਸਹਾਇਕ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਮੀਟਿੰਗ ਦੌਰਾਨ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇ.ਬੀ.ਆਈ.ਸੀ.) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਓਗਾਵਾ ਕਾਜੂਨੋਰੀ ਨੇ ਪੰਜਾਬ ਦੇ ਉਦਯੋਗਿਕ ਅਤੇ ਸਾਫ਼-ਸੁਥਰੀ ਊਰਜਾ ਦੇ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਰੁਚੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਜਾਪਾਨੀ ਕੰਪਨੀ ਰਾਹੀਂ ਸੰਭਾਵੀ ਵਿੱਤੀ ਮੌਕਿਆਂ ਬਾਰੇ ਤਕਨੀਕੀ ਵਿਚਾਰ-ਵਟਾਂਦਰਾ ਜਾਰੀ ਰੱਖਣ ਲਈ ਸਹਿਮਤ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੈਂਕ ਨੇ ਪੰਜਾਬ ਨਿਵੇਸ਼ ਸੰਮੇਲਨ ਦੇ ਸੱਦੇ ਦਾ ਵੀ ਸਵਾਗਤ ਕੀਤਾ ਹੈ ਅਤੇ ਇਸ ਵਿੱਚ ਸ਼ਮੂਲੀਅਤ ਦੀ ਇੱਛਾ ਪ੍ਰਗਟਾਈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਈਸਨ ਇੰਡਸਟਰੀ ਕੰਪਨੀ ਲਿਮਟਿਡ ਦੇ ਸੀ.ਈ.ਓ. ਅਤੇ ਈ.ਵੀ.ਪੀ. ਟੋਮੋਨੋਰੀ ਕਾਈ ਅਤੇ ਟੋਰੂ ਨਕਾਨੇ ਨੇ ਭਵਿੱਖ ਦੇ ਨਿਰਮਾਣ ਜਾਂ ਖੋਜ ਅਤੇ ਵਿਕਾਸ ਮੌਕਿਆਂ ਲਈ ਪੰਜਾਬ ਦੀਆਂ ਸੰਭਾਵਨਾਵਾਂ ਪ੍ਰਤੀ ਸਕਾਰਾਤਮਕ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਯਾਮਹਾ ਮੋਟਰ ਕੰਪਨੀ ਲਿਮਟਿਡ ਦੇ ਗਲੋਬਲ ਰਣਨੀਤੀ ਪ੍ਰਬੰਧਕ ਅਤੇ ਉਤਪਾਦ ਯੋਜਨਾ ਸਮੂਹ, ਤਨਾਕਾ ਹਿਰੋਕੀ ਅਤੇ ਸੁਜ਼ੂਕੀ ਮਾਰੀ ਨੇ ਇਲੈਕਟ੍ਰਿਕ ਵਹੀਕਲਜ਼, ਖੋਜ ਅਤੇ ਵਿਕਾਸ ਸਹਿਯੋਗ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਵਿੱਚ ਨਿਵੇਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 2026 ਦੇ ਸੱਦੇ ਦਾ ਵੀ ਸਵਾਗਤ ਕੀਤਾ ਅਤੇ ਪੰਜਾਬ ਦੇ ਨਿਵੇਸ਼ ਅਨੁਕੂਲ ਮਾਹੌਲ ਨਾਲ ਜੁੜੇ ਰਹਿਣ ਵਿੱਚ ਦਿਲਚਸਪੀ ਦਿਖਾਈ।
ਮੁੱਖ ਮੰਤਰੀ ਨੇ ਕਿਹਾ ਕਿ ਹੌਂਡਾ ਮੋਟਰ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਡਿਪਾਰਟਮੈਂਟ ਮੈਨੇਜਰ ਤਤਸੁਆ ਨਾਕਾਮੁਰਾ ਅਤੇ ਆਈ.ਟੀ.ਓ. ਕਿਓਸ਼ੀ ਨੇ ਪੰਜਾਬ ਵਿੱਚ ਭਾਰਤੀ ਭਾਈਵਾਲਾਂ ਰਾਹੀਂ ਕੰਪੋਨੈਂਟ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ। ਭਗਵੰਤ ਸਿੰਘ ਮਾਨ ਨੇ ਕੰਪਨੀ ਨੂੰ ਪੂਰੀ ਸਹੂਲਤ ਅਤੇ ਨੀਤੀਗਤ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਪੰਜਾਬ ਨਿਵੇਸ਼ ਸੰਮੇਲਨ 2026 ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਦੇ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਯਾਮਾਦਾ ਤਤਸੁਆ ਨੇ ਤਕਨੀਕੀ ਸਹਿਯੋਗ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਖ਼ਾਸ ਕਰ ਕੇ ਫਸਲੀ ਵਿਭਿੰਨਤਾ ਵਿੱਚ ਪੰਜਾਬ ਦੀਆਂ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਦੀ ਪੁਸ਼ਟੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਜੇ.ਆਈ.ਸੀ.ਏ. ਨਾਲ ਵਿਚਾਰ-ਵਟਾਂਦਰਾ ਸ਼ਹਿਰੀ ਬੁਨਿਆਦੀ ਢਾਂਚੇ, ਪਾਣੀ ਪ੍ਰਬੰਧਨ ਅਤੇ ਹੁਨਰ ਵਿਕਾਸ ਵਿੱਚ ਸੰਭਾਵੀ ਸਹਿਯੋਗ `ਤੇ ਕੇਂਦ੍ਰਿਤ ਸੀ। ਉਨ੍ਹਾਂ ਕਿਹਾ ਕਿ ਜੇ.ਆਈ.ਸੀ.ਏ. ਨੇ ਡੂੰਘੀ ਸ਼ਮੂਲੀਅਤ ਅਤੇ ਪ੍ਰਾਜੈਕਟ ਭਾਈਵਾਲੀ ਦੀ ਪੜਚੋਲ ਕਰਨ ਦੀ ਇੱਛਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੋਰੇ ਇੰਡਸਟਰੀਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਜੀਮੇ ਇਸ਼ੀ ਨੇ ਪੰਜਾਬ ਦੇ ਆਟੋ ਅਤੇ ਏਅਰੋਸਪੇਸ ਸੈਕਟਰਾਂ ਲਈ ਤਕਨੀਕੀ ਅਤੇ ਟੈਕਸਟਾਈਲ ਖ਼ੇਤਰ ਵਿੱਚ ਦਿਲਚਸਪੀ ਦਿਖਾਈ।
ਮੁੱਖ ਮੰਤਰੀ ਨੇ ਕਿਹਾ ਕਿ ਪਾਰਲੀਮੈਂਟਰੀ ਵਾਈਸ ਮਨਿਸਟਰ ਇਕਾਨਮੀ, ਟਰੇਡ ਤੇ ਇੰਡਸਟਰੀ ਕੋਮੋਰੀ ਤਾਕੂਓ ਨੇ ਜਾਪਾਨੀ ਫਰਮਾਂ ਨੂੰ ਇਨਵੈਸਟ ਪੰਜਾਬ ਨਾਲ ਜੋੜਨ ਲਈ ਤਾਲਮੇਲ ਜਾਰੀ ਰੱਖਣ `ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਫੁਜਿਤਸੂ ਲਿਮਟਿਡ ਦੇ ਤਕਨਾਲੋਜੀ ਵਪਾਰ ਪ੍ਰਬੰਧਨ ਯੂਨਿਟ ਦੇ ਮੁਖੀ ਜੁੰਗੋ ਓਕਾਈ ਨੇ ਡਿਜੀਟਲ ਗਵਰਨੈਂਸ ਸਾਲਿਊਸ਼ਨਜ਼ ਵਿੱਚ ਦਿਲਚਸਪੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਉਹ ਭਾਰਤ ਵਿੱਚ ਭਵਿੱਖ ਦੇ ਪ੍ਰਾਜੈਕਟਾਂ ਲਈ ਮੋਹਾਲੀ ਦੀ ਚੋਣ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਪਾਨ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਐਨ.ਈ.ਸੀ. ਕਾਰਪੋਰੇਸ਼ਨ ਨਾਲ ਮੀਟਿੰਗ ਨਾਲ ਹੋਈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਵਪਾਰ ਵਿਭਾਗ ਦੇ ਡਾਇਰੈਕਟਰ ਮਕੋਟੋ ਨੋਡਾ ਅਤੇ ਮੈਨੇਜਰ ਮਿਹੋ ਹਾਰਾ ਨੇ ਪੰਜਾਬ ਦੀਆਂ ਡਿਜੀਟਲ ਪਹਿਲਕਦਮੀਆਂ ਅਤੇ ਉਦਯੋਗਿਕ ਆਟੋਮੇਸ਼ਨ ਮੌਕਿਆਂ ਵਿੱਚ ਦਿਲਚਸਪੀ ਦਿਖਾਈ ਅਤੇ ਕੰਪਨੀ ਸਹਿਯੋਗ ਲਈ ਪੰਜਾਬ ਦੇ ਆਈ.ਟੀ. ਈਕੋ-ਸਿਸਟਮ ਦਾ ਮੁਲਾਂਕਣ ਕਰਨ ਲਈ ਸਹਿਮਤ ਹੋਈ।

Have any thoughts?
Share your reaction or leave a quick response — we’d love to hear what you think!
