ਚੰਡੀਗੜ੍ਹ, 5 ਮਾਰਚ : ਕੈਨੇਡਾ ਵਿੱਚ ਰਹਿਣ ਵਾਲੀ ਇੱਕ ਪੰਜਾਬੀ ਔਰਤ ਨੈਨਸੀ ਗਰੇਵਾਲ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਲਾਸਾਲੇ ਪੁਲਿਸ ਦੇ ਅਨੁਸਾਰ, 45 ਸਾਲਾ ਨੈਨਸੀ ਗਰੇਵਾਲ ਨੂੰ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੈਨੇਡੀਅਨ ਮੀਡੀਆ ਦੇ ਅਨੁਸਾਰ, ਪੁਲਿਸ ਨੂੰ ਸੂਚਨਾ ਮਿਲੀ ਕਿ ਕੋਈ ਮੰਗਲਵਾਰ ਰਾਤ ਨੂੰ ਵਿੰਡਸਰ ਦੀ ਰਹਿਣ ਵਾਲੀ ਨੈਨਸੀ ਗਰੇਵਾਲ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸਨੂੰ ਚਾਕੂ ਮਾਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਨੈਨਸੀ ਗਰੇਵਾਲ ਨੂੰ ਹਸਪਤਾਲ ਲਿਜਾਇਆ ਗਿਆ।
ਬੁੱਧਵਾਰ ਸ਼ਾਮ ਨੂੰ ਉਸਦੀ ਗੰਭੀਰ ਜ਼ਖਮਾਂ ਦੇ ਕਾਰਨ ਮੌਤ ਹੋ ਗਈ। ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕਲ ਪੀਅਰਸ ਨੇ ਘਟਨਾ ਦੀ ਰਿਪੋਰਟ ਦਿੱਤੀ। ਨੈਨਸੀ ਕਥਿਤ ਤੌਰ ‘ਤੇ ਇੱਕ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਯੂਟਿਊਬਰ ਸੀ। ਕੈਨੇਡੀਅਨ ਪੁਲਿਸ ਅਧਿਕਾਰੀ ਪੀਅਰਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ (3 ਮਾਰਚ) ਨੂੰ ਰਿਪੋਰਟ ਕੀਤੀ ਗਈ ਸੀ। ਪੁਲਿਸ ਅਤੇ ਪੈਰਾਮੈਡਿਕਸ ਟੌਡ ਲੇਨ ਦੇ 2400 ਬਲਾਕ ‘ਤੇ ਰਾਤ 9:30 ਵਜੇ ਦੇ ਕਰੀਬ ਪਹੁੰਚੇ। ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਕੈਨੇਡਾ ਪੁਲਿਸ ਅਧਿਕਾਰੀ ਪੀਅਰਸ ਨੇ ਨੈਨਸੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਸਨੇ ਇਹ ਵੀ ਕਿਹਾ ਕਿ ਪੁਲਿਸ ਕਤਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਸ਼ੱਕੀਆਂ ਦੀ ਪਛਾਣ ਕਰਨ ਲਈ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਇਸ ਘਟਨਾ ਬਾਰੇ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਰੱਖਣ ਵਾਲਾ ਕੋਈ ਵੀ ਵਿਅਕਤੀ ਨੂੰ ਡਿਟੈਕਟਿਵ ਸਾਰਜੈਂਟ ਜੈਮੀ ਨੇਸਟਰ ਨਾਲ ਸੰਪਰਕ ਕਰਨ।
ਰਿਪੋਰਟਾਂ ਦੇ ਅਨੁਸਾਰ, ਨੈਨਸੀ ਗਰੇਵਾਲ ਖਾਲਿਸਤਾਨ ਪੱਖੀ ਗਤੀਵਿਧੀਆਂ ਦੀ ਅਕਸਰ ਆਲੋਚਕ ਸੀ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਪ੍ਰਗਟ ਕਰਦੀ ਸੀ, ਆਪਣੀਆਂ ਵੀਡੀਓਜ਼ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੀ ਸੀ, ਅਤੇ ਪੰਜਾਬ ਦੇ ਕਈ ਨੇਤਾਵਾਂ ਵਿਰੁੱਧ ਵੀ ਬੋਲਦੀ ਸੀ।
