ਪੀਸੀਐਮ.ਐਸ.ਡੀ.ਕਾਲਜ ਫ਼ਾਰ ਵੂਮੈਨ ,ਜਲੰਧਰ ਦੇ ਯੂਥ ਕਲੱਬ ਵੱਲੋਂ ਆਖ਼ਰੀ ਉਮੀਦ ਐਨ. ਜੀ .ਓ ਜਲੰਧਰ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ‘ਵੀਰ ਬਾਲ ਯਾਦਗਾਰੀ ਕੋਨੇ ਦੀ ਸਥਾਪਤੀ ਕੀਤੀ ਗਈ। ਇਸ ਮੌਕੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਆਖ਼ਰੀ ਉਮੀਦ, ਐਨ. ਜੀ.ਓ ਜਲੰਧਰ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਅਤੇ ਪਰਮਿੰਦਰ ਸਿੰਘ ਦੇ ਨਾਲ ਮਿਲਕੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਾਲਜ ਵਿੱਚ ਇਸ ਯਾਦਗਾਰੀ ਕੋਨੇ ਵਿਚ ਅਤੇ ਕਾਲਜੀਏਟ ਸਕੂਲ ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ।
ਇਸ ਸਮੇਂ ਜਤਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹਨਾਂ ਵਿਸ਼ੇਸ਼ ਦਿਹਾੜਿਆਂ ਦੀ ਇਤਿਹਾਸਕ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਦੇਸ਼,ਕੌਮ ਧਰਮ, ਮਾਨਵਤਾ ਅਤੇ ਵਾਤਾਵਰਨ ਦੀ ਸ਼ੁੱਧਤਾ, ਸੰਭਾਲ ਲਈ ਜ਼ਿੰਮੇਵਾਰ ਰਹਿਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੂੰ ਦਇਆ, ਨਿਮਰਤਾ ਅਤੇ ਸੇਵਾ ਭਾਵਨਾ ਨਾਲ ਸਮਾਜ ਵਿਚ ਵਿਚਰਨ ਲਈ ਵਚਨਬੱਧ ਕੀਤਾ । ਉਹਨਾਂ ਨੇ ਵਿਦਿਆਰਥੀਆਂ ਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਧਰਮ ਨਿਰਪੇਖ ਰਹਿ ਕੇ ਲੋੜਵੰਦਾਂ ਦੇ ਮਦਦਗਾਰ ਬਣਨ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ, ਸੀਨੀਅਰ ਉਪ ਪ੍ਰਧਾਨ ਸ਼੍ਰੀ ਵਿਨੋਦ ਦਾਦਾ ਜੀ ਅਤੇ ਪ੍ਰਬੰਧਕ ਕਮੇਟੀ ਦੇ ਹੋਰ ਮਾਣਯੋਗ ਮੈਂਬਰ ਅਤੇ ਕਾਲਜ ਦੇ ਯੋਗ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਯੂਥ ਕਲੱਬ ਵਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।
