ਕਪੁਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ (ਰਾਜ ਨੋਡਲ ਏਜੰਸੀ) ਨਾਲ ਮਿਲਕੇ ਸਾਂਝੇ ਤੌਰ ਤੇ ਫ਼ਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸ਼ੁਰੁ ਕੀਤੇ ਗਏ ਮਿਸ਼ਨ ਲਾਈਫ਼ (ਐਲ.ਆਈ. ਐਫ਼.ਈ) ਦੇ ਅਧੀਨ ਕੀਤਾ ਗਿਆ। ਸ਼ੋਅ ਦੇ ਦੌਰਾਨ, ਤਾਜੇ ਫ਼ੁੱਲਾਂ ਨੂੰ ਸਜਾਉਣ, ਸੁੱਕੇ ਫ਼ੁੱਲਾਂ ਨੂੰ ਸੁਜਾਉਣ,ਰੰਗੋਲੀ ਅਤੇ ਗਮਲੇ ਵਾਲੇ ਪੌਦਿਆਂ ਦੀ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ। ਫ਼ਲਾਵਰ ਸ਼ੋਅ ਵਿਚ ਈਕੋ ਕਲੱਬ ਦੇ ਮੈਂਬਰਾਂ ਸਮੇਤ 500 ਤੋਂ ਵੱਧ ਸਕੂਲਾਂ,ਕਾਲਜਾਂ ਦੇ ਵਿਦਿਆਰਥੀਆਂ, ਬਾਗਵਾਨਾਂ ਨੇ ਭਾਗ ਲਿਆ ਅਤੇ ਆਮ ਲੋਕਾਂ ਨੇ ਕੁਦਰਤ ਦੇ ਵੱਖ-ਵੱਖ ਨਜ਼ਾਰਿਆਂ ਦਾ ਅਨੰਦ ਮਾਣਿਆ। ਫ਼ਲਾਵਾਰ ਸ਼ੋਅ ਵਿਚ ਹਿੱਸਾ ਲੈਣ ਵਾਲੇ ਬਾਗਵਾਨਾਂ ਵੱਲੋਂ ਗੇਂਦਾ,ਗੁੜਹਲ,ਕਮਲ ਗੁਲਾਬ ਅਤੇ ਬੋਗਨਵਿਲੀਆ ਆਦਿ ਫ਼ੁੱਲਾਂ ਦੀ ਨੁਮਾਇਸ਼ ਕੀਤੀ ਗਈ ।

ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਫ਼ਲਾਵਰ ਸ਼ੋਅ ਇਕ ਅਜਿਹਾ ਸ਼ੋਅ ਹੈ, ਜਿਸ ਦਾ ਉਦੇਸ਼ ਜਿੱਥੇ ਕੁਦਰਤ ਦੀ ਕਾਇਨਾਤ ਵਿਚ ਮੌਜੂਦਾ ਫ਼ੁੱਲਾਂ ਦੇ ਪੌਦਿਆਂ ਦੀ ਵਿਭਿੰਨਤਾ ਪ੍ਰਤੀ ਆਮ ਲੋਕਾਂ ਅਤੇ ਬਾਗਵਾਨਾਂ ਨੂੰ ਜਾਗਰੂਕ ਕਰਨਾ ਹੈ, ਉੱਥੇ ਹੀ ਆਪਣੇ ਰਹਿਣ ਬੇਸਰਿਆਂ ਅਤੇ ਸਮਾਜ ਵਿਚ ਵੱਧ ਤੋਂ ਵੱਧ ਫ਼ੁੱਲਦਾਰ ਪੌਦੇ ਲਗਾ ਕੇ ਆਪਣੇ ਚੌਗਿਰਦੇ ਨੂੰ ਹਰਿਆ ਭਰਿਆਂ ਬਣਾਉਣ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿਚ 18000 ਦੇ ਕਰੀਬ ਫ਼ੁੱਲਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦਾ ਹੈ ਜੋ ਕਿ ਦੁਨੀਆਂ ਦੇ ਫ਼ੁੱਲਾਂ ਦੀਆਂ ਪ੍ਰਜਾਤੀਆਂ ਦਾ 6-7 ਫ਼ੀਸਦ ਹਿੱਸਾ ਹਨ।
ਉਨ੍ਹਾਂ ਅੱਗੋਂ ਕਿਹਾ ਕਿ ਫ਼ਲਾਵਰ ਸ਼ੋਅ ਸਿਰਫ਼ ਫ਼ੁੱਲਾਂ ਦਾ ਪ੍ਰਦਰਸ਼ਨੀ ਹੀ ਨਹੀਂ ਹੈ, ਸਗੋਂ ਇਹ ਅਜਿਹਾ ਪਲੇਟਫ਼ਾਰਮ ਹੈ, ਜਿੱਥੇ ਲੋਕਾਂ ਨੂੰ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਦਾ ਮੌਕਾ ਮਿਲਿਆ ਹੈ, ਇਸ ਦੇ ਨਾਲ ਉਹ ਵਾਤਾਵਰਣ ਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਵਿਚ ਸ਼ਾਮਲ ਹੋ ਕੇ ਜੈਵਿਕ ਵਿਭਿੰਨਤਾ ਦੀ ਸਾਂਭ—ਸੰਭਾਲ ਵੱਲ ਅਗਰਸਰ ਹੋਣਗੇ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕੇ ਕੁਦਰਤ ਦੀ ਕਾਇਨਾਤ ਦਾ ਮੁੱਲ ਇਸ ਦੀ ਦਿੱਖ ਤੋਂ ਅੱਗੇ ਹੈ, ਇਸ ਦਾ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ,ਸਹਾਇਕ ਭੋਜਨ ਲੜੀ, ਸਾਡੀਆਂ ਭਾਵਨਾਵਾਂ, ਸੱਭਿਆਚਾਰ ਅਤੇ ਰਵਾਇਤਾਂ ਨੂੰ ਅਮੀਰ ਬਣਾਉਣ ਵਿਚ ਅਹਿਮ ਯੋਗਦਾਨ ਹੈ।
ਫ਼ਲਾਵਰ ਸ਼ੋਅ ਦੇ ਦੌਰਾਨ ਸੁੱਕੇ ਫ਼ੁੱਲਾਂ ਨੂੰ ਸੁਜਾਉਣ ਦੀ ਆਮ ਲੋਕਾਂ ਦੀ ਕੈਟਾਗਿਰੀ ਵਿਚ ਪਹਿਲਾ ਸਥਾਨ ਕਪੂਰਥਲਾ ਦੇ ਬਲਜੀਤ ਸਿੰਘ ਨੇ ਹਾਸਲ ਕੀਤਾ ਜਦੋਂ ਕਿ ਵਿਦਿਆਰਥੀਆਂ ਦੀ ਕੈਟਾਗਿਰੀ ਵਿਚ ਸਰਕਾਰੀ ਸਕੂਲ ਸਿਧਵਾਂ ਦੋਨਾ ਦੀ ਭਾਵਨਾ ਗਿੱਲ ਦੀ ਝੰਡੀ ਰਹੀ। ਇਸੇ ਤਰ੍ਹਾਂ ਹੀ ਤਾਜੇ ਫ਼ੁੱਲਾਂ ਨੂੰ ਸੁਜਾਉਣ ਦੀ ਦੀ ਆਮ ਲੋਕਾਂ ਦੀ ਕੈਟਾਗਿਰੀ ਵਿਚ ਕਮਲਾ ਨਹਿਰੂ ਕਾਲਜ ਫ਼ਗਵਾੜਾ ਪਹਿਲੇ ਨੰਬਰ ਤੇ ਰਿਹਾ। ਵਿਦਿਆਰਥੀਆਂ ਦੀ ਕੈਟਾਗਿਰੀ ਵਿਚ ਸਰਕਾਰੀ ਹਾਈ ਸਕੂਲ ਹਮੀਰਾ ਦੀ ਵਿਦਿਆਰਥਣ ਸੁੱਖਪ੍ਰੀਤ ਨੇ ਪਹਿਲਾ ਸਥਾਨ ਹਾਂਸਲ ਕੀਤਾ। ਰੰਗੋਲੀ ਮੁਕਾਬਲੇ ਵਿਚ ਆਰਮੀ ਨਰਿਸੰਗ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ।





