ਅੰਮ੍ਰਿਤਸਰ : 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਹੁਕਮਾਂ ਅਧੀਨ ਦਰਜ ਕੀਤੀ ਗਈ ਐਫ਼ਆਈਆਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਹੋਰ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਭਾਈ ਸੁਖਜੀਤ ਸਿੰਘ ਖੋਸੇ, ਤਰਲੋਚਨ ਸਿੰਘ ਸੋਹਲ ਅਤੇ ਜੱਥਾ ਸਿਰਲੱਥ ਖਾਲਸਾ ਦੇ ਮੁਖੀ ਭਾਈ ਦਿਲਬਾਗ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।ਬਿਆਨ ਵਿੱਚ ਉਹਨਾਂ ਕਿਹਾ ਕਿ 328 ਸਰੂਪਾਂ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਸਖ਼ਤ ਨਿਰਦੇਸ਼ ਅਤੇ ਭਾਈ ਬਲਦੇਵ ਸਿੰਘ ਵਡਾਲਾ ਦੀ ਮਿਹਨਤ ਕਾਰਨ ਹੀ ਇਹ ਕਾਰਵਾਈ ਸੰਭਵ ਹੋਈ ਹੈ। ਉਹਨਾਂ ਦੋਸ਼ ਲਗਾਇਆ ਕਿ ਜਦੋਂ ਸੰਗਤ ਨੇ ਇਨਸਾਫ ਦੀ ਮੰਗ ਕੀਤੀ ਸੀ, ਤਦ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਹਿੰਸਕ ਹਮਲਾ ਕੀਤਾ ਗਿਆ ਜਿਸ ਵਿੱਚ ਕਈ ਆਗੂ ਗੰਭੀਰ ਤੌਰ ‘ਤੇ ਜਖ਼ਮੀ ਹੋਏ। ਜਖ਼ਮੀਆਂ ਦੀਆਂ ਮੈਡੀਕਲ ਰਿਪੋਰਟਾਂ ਸਮੇਤ ਟਾਸਕ ਫੋਰਸ ਖ਼ਿਲਾਫ਼ ਮਾਮਲਾ ਦਰਜ ਹੈ, ਪਰ ਕਮੇਟੀ ਅਤੇ ਪੰਜਾਬ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਦੇ ਉਲਟ, ਜਥੇਬੰਦੀਆਂ ਦੇ ਆਗੂਆਂ ‘ਤੇ ਧਾਰਾ 307 ਅਧੀਨ ਦੋ ਪਰਚੇ ਦਰਜ ਕਰ ਦਿੱਤੇ ਗਏ। ਭਾਈ ਖੋਸੇ ਨੇ ਦਾਅਵਾ ਕੀਤਾ ਕਿ ਪਾਵਨ ਸਰੂਪਾਂ ਦੇ ਲਾਪਤਾ ਕਰਨ ਵਾਲੇ ਅਸਲ ਦੋਸ਼ੀ ਹਨ ਅਤੇ ਸੰਗਤ ਸਿਰਫ਼ ਇਨਸਾਫ ਦੀ ਮੰਗ ਕਰ ਰਹੀ ਸੀ। ਜਥੇਬੰਦੀਆਂ ਵੱਲੋਂ ਉਸ ਘਟਨਾ ਵਿੱਚ ਹੋਈ ਕੁੱਟਮਾਰ ਦੀ ਜਾਂਚ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਉਹਨਾਂ ਨੇ ਮੰਗ ਕੀਤੀ ਕਿ ਉਸ ਸਮੇਂ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਥੇਬੰਦੀਆਂ ਨੇ ਆਪਣੇ ਖ਼ਿਲਾਫ਼ ਦਰਜ ਨਜਾਇਜ਼ ਪਰਚਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਦੋਹਰਾਈ ਅਤੇ ਕਿਹਾ ਕਿ ਜੇ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਨੇ ਪੂਰੇ ਸਿੱਖ ਜਗਤ ਨੂੰ ਕੰਬਾਂ ਦਿੱਤਾ ਸੀ। ਜਦੋਂ ਨਾਵਨ ਸਰੂਪਾਂ ਦੇ ਗੁੰਮ ਹੋਣ ਦੀ ਜਾਣਕਾਰੀ ਸਾਹਮਣੇ ਆਈ, ਸੰਗਤ ਦੀ ਮੰਗ ਬਿਲਕੁਲ ਸਾਫ਼ ਸੀ ਕਿ ਜਵਾਬਦਾਰੀ ਤਹਕੀਤ ਹੋਵੇ, ਦੋਸ਼ੀਆਂ ‘ਤੇ ਕਾਰਵਾਈ ਹੋਵੇ, ਅਤੇ ਗੁਰੂ ਦੇ ਸਤਿਕਾਰ ਦੀ ਰੱਖਿਆ ਕੀਤੀ ਜਾਵੇ। ਪਰ ਇਸ ਮੰਗ ਦੇ ਜਵਾਬ ਵਿੱਚ ਜੋ ਕੁਝ ਗੁਰੂਘਰ ਦੇ ਕਥਿਤ ਸੇਵਾਦਾਰਾਂ ਨੇ ਸੰਗਤ ਨਾਲ ਕੀਤਾ, ਉਹ ਇਤਿਹਾਸ ਵਿੱਚ ਕਾਲਾ ਦਾਗ ਬਣ ਚੁੱਕਾ ਹੈ। ਉਨ੍ਹਾਂ ਕਿਹਾ ਸਿੱਖ ਪੰਥ ਦੇ ਮੂਹਰੇ ਆਪਣੇ ਆਪ ਨੂੰ “ਪ੍ਰਬੰਧਕ” ਕਹਿਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟਾਸਕ ਫੋਰਸ ਨੇ ਜਥੇਬੰਦੀਆਂ ਅਤੇ ਸੰਗਤ ਦੇ ਮੈਂਬਰਾਂ ‘ਤੇ ਲੋਹੇ ਦੇ ਹਥਿਆਰਾਂ, ਡੰਡਿਆਂ ਅਤੇ ਬੈਸਬੋਲਾ ਨਾਲ ਹਮਲਾ ਕੀਤਾ। ਤਸਵੀਰਾਂ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜਖ਼ਮੀਆਂ ਦੇ ਸਰੀਰਾਂ ‘ਤੇ ਗੰਭੀਰ ਜਖ਼ਮ ਹਨ, ਟੁੱਟੀਆਂ ਬਾਂਹਾਂ ਹਨ, ਟਾਂਕੇ ਹਨ, ਸਿਰ ਫਟੇ ਹੋਏ ਹਨ ਅਤੇ ਬੇਹੱਦ ਤਕਲੀਫ਼ ਹੈ। ਇਹ ਉਹ ਸੰਗਤ ਸੀ ਜੋ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕਰ ਰਹੀ ਸੀ। ਉਨ੍ਹਾਂ ਕਿਹਾ ਸਵਾਲ ਇਹ ਹੈ — ਇਸ ਕਦਰ ਹਮਲਾਵਰ ਰਵੱਈਆ ਕਿਸ ਕਾਨੂੰਨ ਤਹਿਤ ਸੀ?
ਜਿੱਥੇ ਉਮੀਦ ਸੀ ਕਿ ਸ਼੍ਰੋਮਣੀ ਕਮੇਟੀ ਇਸ ਗੰਭੀਰ ਧਾਰਮਿਕ ਮਾਮਲੇ ਵਿੱਚ ਜ਼ਿੰਮੇਵਾਰੀ ਨਿਭਾਉਂਦੀ, ਉੱਥੇ ਉਨ੍ਹਾਂ ਨੇ ਨਿਰਦੋਸ਼ ਸੰਗਤ ‘ਤੇ ਹਿੰਸਾ ਕਰਕੇ ਇਹ ਸਾਬਤ ਕੀਤਾ ਕਿ ਉਨ੍ਹਾਂ ਲਈ “ਪ੍ਰਬੰਧਕੀ ਕੁਰਸੀ” ਸਤਿਕਾਰਤਮਕ ਧਰਮਿਕ ਮੂਲਾ ਤੋਂ ਵੱਧ ਮਹੱਤਵਪੂਰਨ ਹੈ। ਇਹ ਹਾਲਾਤ ਉਸ ਵੇਲੇ ਹੋਰ ਸਿਆਹ ਹੋ ਜਾਂਦੇ ਹਨ ਜਦੋਂ ਇਹ ਵੇਖਿਆ ਜਾਂਦਾ ਹੈ ਕਿ ਜਿਨ੍ਹਾਂ ਨੇ 328 ਸਰੂਪਾਂ ਨੂੰ ਲਾਪਤਾ ਕੀਤਾ, ਉਹਨਾਂ ‘ਤੇ ਸ਼੍ਰੋਮਣੀ ਕਮੇਟੀ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਇਸਦੇ ਉਲਟ, ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਅਤੇ ਟਾਸਕ ਫੋਰਸ ਨੇ ਉਹਨਾਂ ‘ਤੇ ਹਮਲਾ ਕੀਤਾ ਜੋ ਸੱਚਾਈ ਅਤੇ ਜਵਾਬਦਾਰੀ ਦੀ ਮੰਗ ਕਰ ਰਹੇ ਸਨ। ਭਾਈ ਖੋਸੇ ਨੇ ਕਿਹਾ ਕਿ ਸੰਗਤ ਦੀਆਂ ਸੱਟਾਂ ਨਾ ਕੇਵਲ ਸ਼੍ਰੋਮਣੀ ਕਮੇਟੀ ਦੀ ਹਿੰਸਕ ਮਾਨਸਿਕਤਾ ਦਾ ਸਭੂਤ ਹਨ, ਸਗੋਂ ਇਹ ਵੀ ਦਰਸਾਉਂਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਸਥਾ ਦੇ ਸਤਿਕਾਰਿਤ ਨਾਮ ਨੂੰ ਖ਼ਰਾਬ ਕਰਨ ਤੋਂ ਵੀ ਪਰਵਾਹ ਨਹੀਂ ਕੀਤੀ। ਜਿਨ੍ਹਾਂ ਨੇ ਸਿੱਖ ਪੰਥ ਦੀ ਰੱਖਿਆ ਲਈ ਪ੍ਰਣ ਲਿਆ, ਉਹ ਹੀ ਸੰਗਤ ਦੇ ਲਹੂ ਨਾਲ ਭਿੱਜ ਰਹੇ ਸਨ। ਇਹ ਘਟਨਾਵਾਂ ਕਿਸੇ ਅਣਜਾਣ ਮੰਡੀਆਂ ਵਿੱਚ ਨਹੀਂ, ਸਗੋਂ ਸ੍ਰੀ ਅਕਾਲ ਤਖ਼ਤ ਦੇ ਅਧੀਨ ਕਈ ਧਰਮਿਕ ਸਥਾਨਾਂ ਉੱਪਰ ਵਾਪਰੀਆਂ। ਜ਼ੋ ਕਿ ਇਹ ਨਿੰਦਾ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ “ਸਿੱਖ ਧਰਮ ਦੀ ਸਭ ਤੋਂ ਵੱਡੀ ਧਰਮਿਕ ਸੰਸਥਾ” ਕਹਿੰਦੀ ਹੈ, ਪਰ ਜਦੋਂ ਗੁਰੂ ਦੇ ਸਤਿਕਾਰ ਦੀ ਮੰਗ ਕਰਨ ਵਾਲੇ ਜਖ਼ਮੀਆਂ ਨੂੰ ਹਸਪਤਾਲ ਵਿੱਚ ਦਰਦ ਸਹਿਣਾ ਪਿਆ, ਤਦ ਸ਼੍ਰੋਮਣੀ ਕਮੇਟੀ ਆਪਣੇ ਦਫ਼ਤਰਾਂ ਦੇ ਤਾਲੇ ਬੰਦ ਕਰਕੇ ਬੈਠੀ ਸੀ। ਉਹਨਾਂ ਨੂੰ ਨਾ ਸ਼ਰਮ ਆਈ ਅਤੇ ਨਾ ਕੋਈ ਜ਼ਿੰਮੇਵਾਰੀ ਨਿਭਾਉਣ ਦਾ ਅਹਿਸਾਸ। ਪ੍ਰੈਸ ਕਾਨਫਰੰਸ ਦੌਰਾਨ ਭਾਈ ਖੋਸੇ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੰਗਤ ਉੱਤੇ ਕੀਤੇ ਪਰਚੇ ਰੱਦ ਨਾ ਕੀਤੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਈਆਂ ਗਈਆਂ ਸੱਟਾਂ ਪ੍ਰਤੀ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਪੰਜਾਬ ਸਰਕਾਰ ਖਿਲਾਫ ਤੇ ਸ਼੍ਰੋਮਣੀ ਕਮੇਟੀ ਖਿਲਾਫ ਫਿਰ ਵੱਡਾ ਸੰਘਰਸ਼ ਵਿਢਾਗੇ ।
