@2025 – All Right Reserved. Designed and Developed by Anselsoft IT Solutions
Tag:
Punjab
‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’, ਮਾਨ ਸਰਕਾਰ ਦੀਆਂ ਉਪਲਬਧੀਆਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਇਆ
written by Live 24 Punjabi
ਚੰਡੀਗੜ੍ਹ, 26 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ, ਪਾਰਟੀ ਨੇ ਬੁੱਧਵਾਰ ਨੂੰ ਸੂਬਾ ਪੱਧਰੀ ਮੁਹਿੰਮ “ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ” ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਰਾਹੀਂ ਸਰਕਾਰ ਦੇ ਕੰਮਾਂ ਦਾ ਰਿਕਾਰਡ ਸਿੱਧਾ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਇੱਕੋ ਦਿਨ ਵਿੱਚ ਕਰੀਬ 1,000 ਪਿੰਡਾਂ ਅਤੇ ਵਾਰਡਾਂ ਦਾ ਦੌਰਾ ਕੀਤਾ, ਨਾਗਰਿਕਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਇਸ ਮੁਹਿੰਮ ਵਿੱਚ ਜਨਤਾ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ਾਸਨ ਅਤੇ ਭਲਾਈ ਸਕੀਮਾਂ ਪ੍ਰਤੀ ਤਸੱਲੀ ਪ੍ਰਗਟਾਈ।
- ਭਗਵੰਤ ਮਾਨ ਸਰਕਾਰ ਅਧੀਨ 24 ਘੰਟੇ ਬਿਜਲੀ ਸਪਲਾਈ ਦੇ ਨਾਲ 90% ਘਰਾਂ ਨੂੰ ਜ਼ੀਰੋ ਬਿਜਲੀ ਬਿੱਲ ਮਿਲ ਰਹੇ ਹਨ: ਸੰਜੀਵ ਅਰੋੜਾ
- 92,000 ਤੋਂ ਵੱਧ ਨਸ਼ਾ ਤਸਕਰ ਜੇਲ੍ਹਾਂ ਵਿੱਚ, 65,000 ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਗਈਆਂ: ਲਾਲ ਚੰਦ ਕਟਾਰੂਚੱਕ
- 985 ਆਮ ਆਦਮੀ ਕਲੀਨਿਕਾਂ ਨੇ 5 ਕਰੋੜ ਲੋਕਾਂ ਨੂੰ ਮੁਫ਼ਤ ਇਲਾਜ ਦਿੱਤਾ, 10 ਲੱਖ ਰੁਪਏ ਦਾ ਸਿਹਤ ਬੀਮਾ ਯਕੀਨੀ ਬਣਾਇਆ: ਹਰਭਜਨ ਸਿੰਘ ਈਟੀਓ
- ਮਾਵਾਂ-ਭੈਣਾਂ ਸਤਿਕਾਰ ਯੋਜਨਾ ਨੇ ਔਰਤਾਂ ਨੂੰ 1000 ਤੋਂ 1500 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਯਕੀਨੀ ਬਣਾਈ, ਸਸ਼ਕਤੀਕਰਨ ਮਜ਼ਬੂਤ ਹੋਇਆ: ਡਾ. ਬਲਜੀਤ ਕੌਰ
- ਪੰਜਾਬ ਦੇ ਸਰਕਾਰੀ ਸਕੂਲ ਹੁਣ ਰਾਸ਼ਟਰੀ ਪੱਧਰ ‘ਤੇ ਨੰਬਰ 1, ਵਿਦਿਆਰਥੀ ਜੇਈਈ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ: ਡਾ. ਰਵਜੋਤ ਸਿੰਘ
- ਕਿਸਾਨਾਂ ਨੂੰ ਦਿਨ ਵੇਲੇ ਮੁਫ਼ਤ ਬਿਜਲੀ ਮਿਲ ਰਹੀ ਹੈ, ਦਹਾਕਿਆਂ ਬਾਅਦ ਨਹਿਰੀ ਪਾਣੀ ਖੇਤਾਂ ਦੇ ਅੰਤਿਮ ਸਿਰੇ ਤੱਕ ਪਹੁੰਚਿਆ: ਮੋਹਿੰਦਰ ਭਗਤ
- ਸ਼ਹੀਦਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ, ਸੜਕ ਸੁਰੱਖਿਆ ਫੋਰਸ ਨਾਲ ਸੜਕੀ ਮੌਤਾਂ ਵਿੱਚ 50% ਦੀ ਕਮੀ: ਬਰਿੰਦਰ ਕੁਮਾਰ ਗੋਇਲ
ਕੈਬਨਿਟ ਮੰਤਰੀ ਡਾ. ਰਵਜੋਤ ਨੇ ਸ਼ਾਮ ਚੌਰਾਸੀ ਵਿੱਚ ਲੋਕਾਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚਰਚਾ ਹੈ। ਭਾਰਤ ਸਰਕਾਰ ਦੇ ਸਰਵੇਖਣ ਨੇ ਵੀ ਮੰਨਿਆ ਹੈ ਕਿ ਪੰਜਾਬ ਦੇ ਸਕੂਲ ਨੰਬਰ 1 ਬਣ ਚੁੱਕੇ ਹਨ। 28,000 ਤੋਂ ਵੱਧ ਅਧਿਆਪਕਾਂ ਦੀ ਪਾਰਦਰਸ਼ੀ ਭਰਤੀ ਅਤੇ ਫਿਨਲੈਂਡ-ਸਿੰਗਾਪੁਰ ਵਿੱਚ ਉਨ੍ਹਾਂ ਦੀ ਸਿਖਲਾਈ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦੇ ਬੱਚੇ ਜੇਈਈ (ਜੇਈਈ) ਅਤੇ ਨੀਟ (ਨੀਟ) ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ।
ਲੁਧਿਆਣਾ ਵੈਸਟ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ ਕਰਕੇ ਇਤਿਹਾਸ ਰਚ ਦਿੱਤਾ ਹੈ। ਪਹਿਲਾਂ ਲੋਕ ਬਿੱਲਾਂ ਤੋਂ ਡਰਦੇ ਸਨ, ਅੱਜ ਉਨ੍ਹਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ।
ਭੋਆ ਵਿੱਚ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਨੇ ਨਸ਼ਿਆਂ ਵਿਰੁੱਧ ਨਿਰਣਾਇਕ ਜੰਗ ਛੇੜੀ ਹੈ, ਜਿਸ ਤਹਿਤ 92,000 ਤੋਂ ਵੱਧ ਤਸਕਰ ਸਲਾਖਾਂ ਪਿੱਛੇ ਹਨ। ਇਸ ਦੇ ਨਾਲ ਹੀ 65,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਕੇਵਲ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ।
ਜੰਡਿਆਲਾ ਵਿੱਚ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਵਿੱਚ 985 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿੱਥੇ 5 ਕਰੋੜ ਤੋਂ ਵੱਧ ਲੋਕ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਹੁਣ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਇਲਾਜ ਮਿਲ ਰਿਹਾ ਹੈ, ਜਿਸ ਨਾਲ ਗਰੀਬ ਨੂੰ ਹੁਣ ਇਲਾਜ ਲਈ ਕਰਜ਼ਾ ਨਹੀਂ ਲੈਣਾ ਪੈਂਦਾ।
ਮਲੋਟ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਔਰਤਾਂ ਲਈ ਵੱਡੇ ਐਲਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ “ਮਾਤਾ ਦੀ ਸਤਿਕਾਰ ਯੋਜਨਾ” ਤਹਿਤ ਵਿਸਾਖੀ ਤੋਂ ਹਰ ਔਰਤ ਨੂੰ 1000 ਰੁਪਏ ਅਤੇ ਐਸਸੀ ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮੁਫ਼ਤ ਬੱਸ ਯਾਤਰਾ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਇਆ ਹੈ।
ਜਲੰਧਰ ਵੈਸਟ ਵਿੱਚ ਮੋਹਿੰਦਰ ਭਗਤ ਨੇ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਦੀ ਸੱਚੀ ਹਮਦਰਦ ਹੈ। ਅੱਜ ਕਿਸਾਨਾਂ ਨੂੰ ਦਿਨ ਵੇਲੇ 8 ਘੰਟੇ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਦਹਾਕਿਆਂ ਬਾਅਦ ਨਹਿਰੀ ਪਾਣੀ ਹਰ ਖੇਤ ਦੇ ਅੰਤਿਮ ਸਿਰੇ ਤੱਕ ਪਹੁੰਚਿਆ ਹੈ। ਫ਼ਸਲ ਦਾ ਭੁਗਤਾਨ ਵੀ ਹੁਣ ਮਹਿਜ਼ 24 ਘੰਟਿਆਂ ਦੇ ਅੰਦਰ ਸਿੱਧਾ ਖਾਤੇ ਵਿੱਚ ਹੋ ਰਿਹਾ ਹੈ।
ਲਹਿਰਾ ਵਿੱਚ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾ ਰਹੀ ਹੈ। ਨਾਲ ਹੀ, ਦੇਸ਼ ਦੀ ਰੱਖਿਆ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ‘ਰੋਡ ਸੇਫਟੀ ਫੋਰਸ’ (ਐਸਐਸਐਫ) ਬਣਨ ਨਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50% ਦੀ ਕਮੀ ਆਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਉਹ ਕੰਮ ਹੋਏ ਹਨ ਜੋ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਹੀਂ ਹੋਏ। 40,000 ਕਿਲੋਮੀਟਰ ਸੜਕਾਂ, 9,000 ਖੇਡ ਮੈਦਾਨ ਅਤੇ 6,000 ਜਿਮ ਬਣਾ ਕੇ ਪੰਜਾਬ ਨੂੰ ਫਿਰ ਤੋਂ “ਰੰਗਲਾ ਪੰਜਾਬ” ਬਣਾਉਣ ਦਾ ਸੁਪਨਾ ਹਕੀਕਤ ਵਿੱਚ ਬਦਲ ਰਿਹਾ ਹੈ।
ਸੰਵਾਦ ਪ੍ਰੋਗਰਾਮ ਦੌਰਾਨ ਮੰਤਰੀਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਿਰਫ਼ ਯੋਜਨਾਵਾਂ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣਾ ਹੈ।
- ਜਲੰਧਰ ਸਮੇਤ ਚਾਰ ਜ਼ਿਲ੍ਹਿਆਂ ਦੇ ਬਲਾਕ ਕੋਆਰਡੀਨੇਟਰਾਂ ਦੇ ਟ੍ਰੇਨਿੰਗ ਸੈਸ਼ਨ ਵਿੱਚ ਕੀਤੀ ਸ਼ਿਰਕਤ
- ਨਸ਼ਿਆਂ ਖਿਲਾਫ਼ ਸਮੂਹਿਕ ਇਕਜੁੱਟਤਾ ਦਾ ਦਿੱਤਾ ਸੱਦਾ
- ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ’ਤੇ ਕੀਤੀ ਵੱਡੀ ਕਾਰਵਾਈ : ਕੈਬਨਿਟ ਮੰਤਰੀ ਮੋਹਿੰਦਰ ਭਗਤ
ਜਲੰਧਰ, 25 ਮਾਰਚ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਬਲਾਕ ਕੋਆਰਡੀਨੇਟਰਾਂ ਦੇ ਟ੍ਰੇਨਿੰਗ ਸੈਸ਼ਨ ਵਿੱਚ ਸ਼ਿਰਕਤ ਕਰਨ ਲਈ ਅੱਜ ਜਲੰਧਰ ਪਹੁੰਚੇ ਸਨ, ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਿਆਂ ਖਿਲਾਫ਼ ਵਿਆਪਕ ਜੰਗ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਇਕਜੁੱਟਤਾ ਨਾਲ ਹੰਭਲਾ ਮਾਰ ਕੇ ਹੀ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਹਲਕਾ ਕਰਤਾਰਪੁਰ ਬਲਕਾਰ ਸਿੰਘ, ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ, ਵਿਧਾਇਕ ਟਾਂਡਾ ਜਸਬੀਰ ਸਿੰਘ ਰਾਜਾ ਗਿੱਲ, ਵਿਧਾਇਕ ਹੁਸ਼ਿਆਰਪੁਰ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ, ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਅਤੇ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਤੋਂ ਇਲਾਵਾ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਅਤੇ ਭਾਰੀ ਗਿਣਤੀ ਵਿੱਚ ਬਲਾਕ ਕੋਆਰਡੀਨੇਟਰ ਮੌਜੂਦ ਸਨ।
ਨਸ਼ਿਆਂ ਖਿਲਾਫ਼ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਸ਼੍ਰੀ ਸਿਸੋਦੀਆ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪਿੰਡਾਂ ਅਤੇ ਵਾਰਡਾਂ ਵਿੱਚ ਜਾ ਕੇ ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ੀ ਸੋਚ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਜੰਗ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਨਸ਼ਿਆਂ ’ਤੇ ਨਿਰਭਰ ਵਿਅਕਤੀਆਂ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਰਿਹਾ ਹੈ, ਉਥੇ ਨਸ਼ੇ ਦਾ ਕਾਰੋਬਾਰ ਕਾਰਨ ਵਾਲੇ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ’ਤੇ ਬੁਲਡੋਜ਼ਰ ਵੀ ਚਲਾਏ ਜਾ ਰਹੇ ਹਨ, ਤਾਂ ਜੋ ਭਵਿੱਖ ਵਿੱਚ ਕੋਈ ਵੀ ਨਸ਼ਾ ਤਸਕਰ ਅਜਿਹਾ ਕੰਮ ਕਰਨ ਦੇ ਅੰਜਾਮ ਬਾਰੇ ਇਕ ਵਾਰ ਜ਼ਰੂਰ ਸੋਚੇ।
ਉਨ੍ਹਾਂ ਬਲਾਕ ਕੋਆਰਡੀਨੇਟਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਇਕ ਐਕਸ਼ਨ ਨਾ ਮੰਨਿਆ ਜਾਵੇ ਬਲਕਿ ਇਕ ਯੁੱਧ ਦੀ ਤਰ੍ਹਾਂ ਲਿਆ ਜਾਵੇ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਇਸ ਯੁੱਧ ਨੂੰ ਜਿੱਤਣ ਲਈ ਬਣਦਾ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਲਾਕ ਕੋਆਰਡੀਨੇਟਰਾਂ ਦੇ ਟ੍ਰੇਨਿੰਗ ਸੈਸ਼ਨਾਂ ਵਿਚ ਹਿੱਸਾ ਲੈ ਰਹੇ ਹਨ ਅਤੇ ਭਵਿੱਖ ਵਿੱਚ ਜ਼ਿਲ੍ਹਾ ਪੱਧਰ ‘ਤੇ ਟ੍ਰੇਨਿੰਗ ਸੈਸ਼ਨ/ਮੀਟਿੰਗਾਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਾਸੀਆਂ ਦੀ ਇਕਜੁੱਟਤਾ ਨਾਲ ਨਸ਼ਾ ਮੁਕਤ-ਰੰਗਲਾ ਪੰਜਾਬ ਬਣੇਗਾ।
ਉਨ੍ਹਾਂ ਹਲਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਖੁਦ ਇਸ ਯੁੱਧ ਲਈ ਮੈਦਾਨ ਵਿੱਚ ਨਿਤਰਣ ਅਤੇ ਬਲਾਕ ਕੋਆਰਡੀਨੇਟਰਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਬਾਰੀਕੀ ਨਾਲ ਨਿਗਰਾਨੀ ਕਰਨ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ਼ ਇਸ ਕਾਰਵਾਈ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਅਪਣਾਏ ਗਏ ਸਖ਼ਤ ਰੁਖ਼ ਸਦਕਾ ਅੱਜ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਹਨ ਜਾਂ ਸੂਬਾ ਛੱਡਕੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਨਸ਼ਾ ਮੁਕਤੀ ਮੋਰਚਾ ਦੋਆਬਾ ਜ਼ੋਨ ਦੇ ਕੋਆਰਡੀਨੇਟਰ ਨਯਨ ਛਾਬੜਾ ਵਲੋਂ ਬਲਾਕ ਕੋਆਰਡੀਨੇਟਰਾਂ ਦਾ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਟ੍ਰੇਨਿੰਗ ਸੈਸ਼ਨ ਵਿੱਚ ਬਲਾਕ ਕੋਆਰਡੀਨੇਟਰ ਆਨਲਾਈਨ ਵੀ ਜੁੜੇ ਹੋਏ ਸਨ।
ਇਸ ਮੌਕੇ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਇੰਪਰੂਵਮੈਂਟ ਟਰੱਸਟ ਰਮਣੀਕ ਸਿੰਘ ਰੰਧਾਵਾ, ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਿੰ. ਪ੍ਰੇਮ ਕੁਮਾਰ, ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਨਿਤਿਨ ਕੋਹਲੀ, ਦਿਨੇਸ਼ ਢੱਲ, ਹਰਜੀ ਮਾਨ ਹਲਕਾ ਇੰਚਾਰਜ ਫ਼ਗਵਾੜਾ, ਨਸ਼ਾ ਮੁਕਤੀ ਮੋਰਚਾ ਦੋਆਬਾ ਜ਼ੋਨ ਦੇ ਵਾਈਸ ਕੋਆਰਡੀਨੇਟਰ ਅਤਿਨ ਅਗਨੀਹੋਤਰੀ ਅਤੇ ਵੱਖ-ਵੱਖ ਜ਼ਿਲ੍ਹਾ ਤੇ ਹਲਕਾ ਇੰਚਾਰਜਾਂ ਤੋਂ ਇਲਾਵਾ ਬਲਾਕ ਕੋਆਰਡੀਨੇਟਰ ਵੀ ਮੌਜੂਦ ਸਨ।
ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਕਰਨਾ ਪੰਜਾਬ ‘ਚ ਗਲਤ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਨੂੰ ਦਰਸਾਉਂਦਾ : ਅਮਨ ਅਰੋੜਾ
written by Live 24 Punjabi
- ‘ਆਪ’ ਪਿਛਲੀਆਂ ਸਰਕਾਰਾਂ ਵਾਂਗ ਰਾਜਨੀਤਿਕ ਸੁਰੱਖਿਆਵਾਦ ਨਹੀਂ, ਸਗੋਂ ਸੱਚਾਈ ਅਤੇ ਜਵਾਬਦੇਹੀ ਲਈ ਖੜ੍ਹੀ ਹੈ
ਚੰਡੀਗੜ੍ਹ, 25 ਮਾਰਚ : ਜਵਾਬਦੇਹੀ ਵਾਲੇ ਸ਼ਾਸਨ ਅਤੇ ਸਿਆਸੀ ਸਰਪ੍ਰਸਤੀ ਦੇ ਸੱਭਿਆਚਾਰ ਵਿਚਕਾਰ ਇੱਕ ਸਪੱਸ਼ਟ ਲਕੀਰ ਖਿੱਚਦਿਆਂ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨੇ ਲਾਲਜੀਤ ਭੁੱਲਰ ਨੂੰ ਤੁਰੰਤ ਹਟਾਉਣ ਅਤੇ ਗ੍ਰਿਫਤਾਰ ਕਰਨ ਸਮੇਤ ਗਲਤ ਕੰਮਾਂ ਵਿਰੁੱਧ ਤੇਜ਼ੀ ਅਤੇ ਦ੍ਰਿੜਤਾ ਨਾਲ ਕਾਰਵਾਈ ਕਰਕੇ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ।
‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਨੇ ਰੇਖਾਂਕਿਤ ਕੀਤਾ ਕਿ ਜਿੱਥੇ ‘ਆਪ’ ਸਰਕਾਰ ਵਿੱਚ ਆਪਣੇ ਹੀ ਲੋਕਾਂ ਵਿਰੁੱਧ ਕਾਰਵਾਈ ਕਰਨ ਅਤੇ ਸੱਚਾਈ ਨੂੰ ਬਰਕਰਾਰ ਰੱਖਣ ਦੀ ਹਿੰਮਤ ਹੈ, ਉੱਥੇ ਹੀ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਰਵਾਇਤੀ ਤੌਰ ‘ਤੇ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟਾਂ ਵੰਡਦੀਆਂ ਸਨ।
ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ‘ਆਪ’ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਗਲਤ ਕੰਮਾਂ ਵਿਰੁੱਧ ਤੁਰੰਤ ਕਾਰਵਾਈ ਕਰਕੇ ਸਰਕਾਰ ਨੇ ਆਪਣੀ ਨੀਅਤ ਸਪੱਸ਼ਟ ਕਰ ਦਿੱਤੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਦੀ ਸਪੱਸ਼ਟਤਾ ਹਰ ਕੋਈ ਦੇਖ ਸਕਦਾ ਹੈ। ਸਾਡੀ ਸਰਕਾਰ ਦੋਸ਼ਾਂ ‘ਤੇ ਤੁਰੰਤ ਕਾਰਵਾਈ ਕਰਦੀ ਹੈ। ਲਾਲਜੀਤ ਭੁੱਲਰ ਨੂੰ ਤੁਰੰਤ ਹਟਾਇਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ। ਅਸੀਂ ਜਵਾਬਦੇਹੀ ਲਈ ਵਚਨਬੱਧ ਹਾਂ। ਇਸ ਦੇ ਉਲਟ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਮੁਲਜ਼ਮਾਂ ਨੂੰ ਸ਼ਹਿ ਦੇ ਰਹੀ ਹੈ।
ਪਿਛਲੀਆਂ ਸਰਕਾਰਾਂ ਨਾਲ ਤਿੱਖਾ ਵਿਰੋਧ ਪ੍ਰਗਟ ਕਰਦਿਆਂ ਅਮਨ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਸੱਤਾ ਵਿੱਚ ਬੈਠੇ ਲੋਕਾਂ ਨੂੰ ਬਚਾਉਣ ਦੇ ਪੁਰਾਣੇ ਸੱਭਿਆਚਾਰ ਦੀ ਪਾਲਣਾ ਨਹੀਂ ਕਰਦੀ, ਸਗੋਂ ਸੱਚ ਅਤੇ ਜਵਾਬਦੇਹੀ ਨੂੰ ਸਰਵਉੱਚ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਅਤੇ ਅਕਾਲੀ ਦਲ ਦੇ ਸ਼ਾਸਨ ਨੂੰ ਦੇਖੋ, ਤਾਂ ਉਨ੍ਹਾਂ ਦੇ ਨੇਤਾਵਾਂ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਬਿਨਾਂ ਕਿਸੇ ਜਾਂਚ ਦੇ ਮਿੰਟਾਂ ਵਿੱਚ ਹੀ ਕਲੀਨ ਚਿੱਟ ਮਿਲ ਜਾਂਦੀ ਸੀ। ‘ਆਪ’ ਸਰਕਾਰ ਵੱਖਰੀ ਹੈ। ਸਾਡੇ ਵਿੱਚ ਸੱਚ ਬੋਲਣ, ਗਲਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਹੈ ਅਤੇ ਅਸੀਂ ਆਪਣੇ ਬੰਦਿਆਂ ਨੂੰ ਵੀ ਨਹੀਂ ਬਚਾਉਂਦੇ।
ਪੰਜਾਬ ਨੂੰ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ ਕਰਨ ਦਾ ਮਿਲਿਆ ਮੌਕਾ : CM ਮਾਨ
written by Live 24 Punjabi
ਚੰਡੀਗੜ੍ਹ, 24 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵੱਲੋਂ ਖੇਡ ਜਗਤ ‘ਚ ਮਾਰੀਆਂ ਜਾ ਰਹੀਆਂ ਮੱਲਾਂ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਪੰਜਾਬ ਦੀ ਵਿਰਸੇ ‘ਚ ਖੇਡਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਤੇ ਖੇਡਾਂ ਦਾ ਇਤਿਹਾਸ ਗੁਰੂ ਸਾਹਿਬਾਨਾਂ ਨਾਲ ਜੋੜਿਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰੂ ਸਾਹਿਬਾਨਾਂ ਨੇ ਅਧਿਆਤਮਕਤਾ ਦੇ ਨਾਲ ਸਰੀਰਕ ਤੰਦਰੁਸਤੀ ਨੂੰ ਪ੍ਰੇਰਿਆ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਖੇਡ ਜਗਤ ਨੂੰ ਵੱਡੀ ਖ਼ੁਸ਼ਖ਼ਬਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ‘ਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਮੈਂਟ ਹੋਣ ਜਾ ਰਿਹਾ ਹੈ।
ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਇੰਡੀਅਨ ਹਾਕੀ ਫੈਡਰੇਸ਼ਨ ਤੇ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਕਿ ਪਹਿਲੀ ਵਾਰ ਸਾਨੂੰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਹ ਟੂਰਨਾਮੈਂਟ ਅਕਤੂਬਰ-ਨਵੰਬਰ ‘ਚ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਪੰਜਾਬ ਨੂੰ ਇੰਨੇ ਵੱਡੇ ਪੱਧਰ ਦੇ ਇੰਟਰਨੈਸ਼ਨਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਹ ਟੂਰਨਾਮੈਂਟ ਮੁਹਾਲੀ ਤੇ ਜਲੰਧਰ ਦੇ ਮੈਦਾਨਾਂ ‘ਚ ਹੋਵੇਗਾ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ‘ਚ ਸਾਨੂੰ ਆਫ਼ਰ ਦਿੱਤੀ ਕਿ ਤੁਸੀਂ ਹਰ ਸਾਲ ਪੰਜਾਬ ‘ਚ ਕੋਈ ਟੂਰਨਾਮੈਂਟ ਕਰਵਾਓ। ਇਸ ‘ਚ ਟਾਪ-4 ਟੀਮਾਂ ਯੂਰਪ, ਏਸ਼ੀਆ ਜਾਂ ਆਸਟ੍ਰੇਲੀਆਂ ਦੀਆਂ, ਉਨ੍ਹਾਂ ਦਾ 4 ਨੇਸ਼ਨ ਟੂਰਨਾਮੈਂਟ ਕਰਵਾਉਣ ਦਾ ਆਫ਼ਰ ਮਿਲਿਆ ਹੈ। ਇਸ ਦੇ ਨਾਲ ਹੀ ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਨੂੰ ਇੱਕ ਹੋਰ ਵੱਡੇ ਖੇਡ ਇਵੈਂਟ ਦੀ ਮੇਜ਼ਬਾਨੀ ਮਿਲੀ ਹੈ। ਇਹ ਇਵੈਂਟ ਅੰਡਰ-13 ਬੈਡਮਿੰਟਨ ਟੂਰਨਾਮੈਂਟ ਹੈ। ਇਹ ਰਾਸ਼ਟਰੀ ਪੱਧਰ ਦਾ ਟੂਰਨਾਮੈਂਟ ਹੋਵੇਗਾ। ਇਸ ਇਵੈਂਟ ਦੀ ਮੇਜ਼ਬਾਨੀ ਪੰਜਾਬ ਨੂੰ 44 ਸਾਲ ਬਾਅਦ ਮਿਲੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੰਜਾਬ ਦੇ ਧਰਤੀ ਨੇ ਬਹੁਤ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਇਸ ਨੂੰ ਅਸੀਂ ਆਪਣੇ ਵਿਰਸੇ ਨਾਲ ਜੋੜ ਕੇ ਦੇਖੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਅਧਿਆਤਮਕਿਤਾ ਦੇ ਨਾਲ-ਨਾਲ ਸਰੀਰ ਦੀ ਤੰਦਰੁਸਤੀ ਵਾਸਤੇ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਹੈ। ਗੁਰੂ ਅੰਗਦ ਦੇਵ ਜੀ ਨੀ ਸਰੀਰਕ ਤੰਦਰੁਸਤੀ ਵਾਸਤੇ ਮੱਲ ਅਖਾੜਾ ਕਾਇਮ ਕੀਤਾ ਸੀ ਤੇ ਆਪਣੀ ਦੇਖ-ਰੇਖ ‘ਚ ਕੁਸ਼ਤੀਆਂ ਕਰਵਾਉਂਦੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨੌਜਵਾਨਾਂ ਨੂੰ ਗੌੜਸਵਾਰੀ ਤੇ ਤੀਰਅੰਦਾਜ਼ੀ ਦਾ ਮਾਹਿਰ ਬਣਾਉਣ ਦਾ ਨਿਸ਼ਚਾ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੇਲੇ ਹੋਲੇ-ਮਹੱਲੇ ਤੇ ਹੋਰ ਰਵਾਇਤੀ ਖੇਡਾਂ ਦੀ ਸ਼ੁਰੂਆਤ ਹੋਈ। ਯੁੱਧ ਕਲਾਵਾਂ ਤੇ ਗਤਕਾਂ ਇਹ ਸਾਡੀਆਂ ਵਿਰਾਸਤੀ ਖੇਡਾਂ। ਆਧੁਨਿਕ ਖੇਡਾਂ ਦੇ ਨਾਲ ਪੰਜਾਬ ‘ਚ ਕਬੱਡੀ, ਕੁਸ਼ਤੀ, ਰੱਸਾਕੱਸੀ ਵਰਗੀਆਂ ਖੇਡਾਂ ਪੰਜਾਬ ‘ਚ ਪਸੰਦ ਕੀਤੀਆਂ ਜਾਂਦੀਆਂ।
ਮੁੱਖ ਮੰਤਰੀ ਨੇ ਪੰਜਾਬ ਦੇ ਖਿਡਾਰੀਆਂ ਵੱਲੋਂ ਖੇਡਾਂ ‘ਚ ਮਾਰੀਆਂ ਜਾ ਰਹੀਆਂ ਮੱਲਾਂ ‘ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਪ੍ਰੀਤ ਸਿੰਘ ਪੰਜਾਬ ਤੋਂ ਹਨ। ਆਸਟ੍ਰੇਲੀਆ ‘ਤੇ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਸ਼ੁਭਮਨ ਗਿੱਲ ਨੇ ਕੀਤੀ, ਉਹ ਪੰਜਾਬ ਤੋਂ ਹਨ। ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਪੰਜਾਬ ਦੇ ਮੋਗੇ ਤੋਂ ਹਨ। ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਪਾਲਪ੍ਰੀਤ ਸਿੰਘ ਬਰਾੜ ਪੰਜਾਬ ਤੋਂ ਹਨ। ਪਿਛਲੇ ਸਾਲ ਗੁਰਪ੍ਰੀਤ ਸਿੰਘ ਸੰਧੂ ਨੇ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ। ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਤਿੰਨ ਪੰਜਾਬਣਾਂ ਹਨ- ਹਰਮਨਪ੍ਰੀਤ, ਅਮਨਦੀਪ ਤੇ ਹਰਲੀਨ ਦਿਓਲ। ਪੁਰਸ਼ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ‘ਚ ਅਭਿਸ਼ੇਕ ਸ਼ਰਮਾ ਤੇ ਅਰਸ਼ਦੀਪ ਸਿੰਘ ਪੰਜਾਬ ਤੋਂ ਹਨ। ਮਹਿਲਾ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ ਜਿੱਤਿਆ। ਸਾਨੂੰ ਇਨ੍ਹਾਂ ‘ਤੇ ਮਾਣ ਹੈ।
DM ਰੰਧਾਵਾ ਸੁਸਾਈਡ ਮਾਮਲਾ : ਸੁਸਾਈਡ ਦਾ ਵੀਡਿਓ ਆਇਆ ਸਾਹਮਣੇ, ਪਰਿਵਾਰ ਨੇ ਕਿਹਾ, 24 ਘੰਟਿਆਂ ‘ਚ ਸਾਬਕਾ ਮੰਤਰੀ ਨੂੰ ਕਰੋ ਗ੍ਰਿਫਤਾਰ
written by Live 24 Punjabi
- ਨਹੀਂ ਤਾਂ ਬੱਚਿਆਂ ਸਮੇਤ ਆਵਾਂਗੇ ਸੜਕਾਂ ਤੇ
ਅੰਮ੍ਰਿਤਸਰ : ਵੇਅਰਹਾਊਸ ਜ਼ਿਲ੍ਹਾ ਮੈਨੇਜਰ DM) ਗਗਨਦੀਪ ਸਿੰਘ ਰੰਧਾਵਾ (45) ਦਾ ਪੋਸਟਮਾਰਟਮ ਤੀਜੇ ਦਿਨ ਵੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੀ ਲਾਸ਼ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੱਖੀ ਹੋਈ ਹੈ। ਇਸ ਦੌਰਾਨ, ਉਨ੍ਹਾਂ ਦੇ ਘਰ ਤੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਡੀਐਮ ਨੂੰ ਜ਼ਹਿਰ ਨਿਗਲਦਿਆਂ ਹੋਇਆਂ ਦਿਖਾਇਆ ਗਿਆ ਹੈ।
ਲਗਭਗ ਤਿੰਨ ਮਿੰਟ ਦੀ ਸੀਸੀਟੀਵੀ ਫੁਟੇਜ ਵਿੱਚ ਡੀਐਮ 21 ਮਾਰਚ ਨੂੰ ਸਵੇਰੇ 5:45 ਵਜੇ ਆਪਣੇ ਘਰ ਦੇ ਬਾਹਰ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਉਹ ਸੋਚਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ, ਉਹ ਪਹਿਲਾਂ ਆਲੇ-ਦੁਆਲੇ ਵੇਖਦੇ ਹਨ, ਫਿਰ ਕੁਝ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਹ ਘਟਨਾ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ।
ਜ਼ਹਿਰ ਨਿਗਲਣ ਤੋਂ ਬਾਅਦ ਵੀ ਡੀਐਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ, ਉਨ੍ਹਾਂ ਕਿਹਾ, “ਮੈਂ ਸਲਫਾਸ ਖਾ ਲਿਆ ਹੈ। ਮੈਂ ਮੰਤਰੀ ਲਾਲਜੀਤ ਭੁੱਲਰ ਦੇ ਡਰੋਂ ਇਹ ਕਦਮ ਚੁੱਕ ਰਿਹਾ ਹਾਂ।”

ਡੀਐਮ ਦੀ ਖੁਦਕੁਸ਼ੀ ਤੋਂ ਬਾਅਦ ਸ਼ਨੀਵਾਰ ਅੱਧੀ ਰਾਤ ਨੂੰ ਸਾਬਕਾ ‘ਆਪ’ ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਭੁੱਲਰ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਦਿਲਬਾਗ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਰੰਧਾਵਾ ਦੀ ਪਤਨੀ ਉਪਿੰਦਰ ਕੌਰ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ‘ਤੇ ਅੜੀ ਹੈ।
ਉਨ੍ਹਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੁਲਿਸ ਭੁੱਲਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਵੇ ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਲੈਕੇ ਸੜਕ ‘ਤੇ ਬੈਠੇਗੀ। ਇਸ ਦੌਰਾਨ ਡੀਐਮ ਦੀ ਮਾਂ ਨੇ ਕਿਹਾ, “ਮੇਰੇ ਪੁੱਤ ਨੂੰ ਖਾ ਗਏ।”
ਅੰਮ੍ਰਿਤਸਰ ਪੁਲਿਸ ਦੇ ਸੂਤਰਾਂ ਅਨੁਸਾਰ ਪਰਿਵਾਰ ਨੂੰ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਗ੍ਰਿਫ਼ਤਾਰੀ ਬਾਰੇ ਫੈਸਲਾ ਲਿਆ ਜਾਵੇਗਾ।
ਸਰਕਾਰ ਬਣਨ ਤੇ ਪੰਜਾਬ ‘ਚ ਉਦਯੋਗ ਲਿਆਂਦੇ ਜਾਣਗੇ ਅਤੇ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਹੁਨਰ ਸਿਖਲਾਈ : ਸੁਖਬੀਰ ਬਾਦਲ
written by Live 24 Punjabi
ਮੋਗਾ : ਨਵੀਂ ਅਨਾਜ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ – ਭਾਵੇਂ ਉਹ ਪ੍ਰਧਾਨ ਮੰਤਰੀ ਮੋਦੀ ਹੋਣ, ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਹੋਣ, ਜਾਂ ‘ਆਪ’ ਦੇ ਕੇਜਰੀਵਾਲ ਹੋਣ – ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਇਹ ਦਿੱਲੀ ਦੀਆਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਆਉਂਦੀਆਂ ਹਨ ਅਤੇ ਫਿਰ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਦਿੱਲੀ ਸਰਕਾਰ ਨੇ ਅਤੇ ਨਾ ਹੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਜਿਨ੍ਹਾਂ ਲੋਕਾਂ ਦੀਆਂ ਫਸਲਾਂ, ਪਸ਼ੂਆਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਕੋਈ ਰਾਹਤ ਦਿੱਤੀ।
ਉਨ੍ਹਾਂ ਕਿਹਾ ਕਿ ਹੁਣ ਚਾਰ ਸਾਲ ਬਾਅਦ, ਸਰਕਾਰੀ ਜ਼ਮੀਨ ਵੇਚਣ ਲਈ ਔਰਤਾਂ ਨੂੰ 1,000 ਰੁਪਏ ਦੇਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤਾਂ ਪੰਜਾਬ ਵਿੱਚ ਉਦਯੋਗ ਲਿਆਂਦੇ ਜਾਣਗੇ, ਨੌਜਵਾਨਾਂ ਨੂੰ ਹੁਨਰ ਸਿਖਲਾਈ ਰਾਹੀਂ ਨੌਕਰੀਆਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਹ ਸਵੈ-ਰੁਜ਼ਗਾਰ ਬਣ ਸਕਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਸਥਾਨ, ਦਿੱਲੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਰੋਬਾਰੀਆਂ ਦਾ ਗੈਂਗਸਟਰਾਂ ਵੱਲੋਂ ਜਬਰੀ ਵਸੂਲੀ ਅਤੇ ਜੀਐਸਟੀ ਲਈ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਤੋਂ ਡਰਦੇ ਹੋਏ, ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਹੁਨਰ ਸਿਖਲਾਈ ਅਤੇ 10 ਲੱਖ ਰੁਪਏ ਦੇ ਵਿਆਜ ਮੁਕਤ ਕਰਜ਼ੇ ਦਿੱਤੇ ਜਾਣਗੇ, ਜਿਨ੍ਹਾਂ ਦੀਆਂ ਕਿਸ਼ਤਾਂ ਤਿੰਨ ਸਾਲਾਂ ਬਾਅਦ ਵਾਪਸ ਕਰਨੀਆਂ ਪੈਣਗੀਆਂ। ਸੰਗਤ ਦਰਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀਆਂ ਰੈਲੀਆਂ ਲਈ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਅਤੇ ਟੈਂਟਾਂ ਅਤੇ ਖਾਣੇ ਦਾ ਖਰਚਾ ਸਰਕਾਰੀ ਖਾਤੇ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਸਟ੍ਰੇਲੀਆ ਵਿੱਚ 2,500 ਏਕੜ ਜ਼ਮੀਨ ਐਕੁਆਇਰ ਕੀਤੀ ਹੈ, ਜਿਸਦਾ ਖੁਲਾਸਾ ਉਹ ਸਰਕਾਰ ਬਣਨ ਤੋਂ ਬਾਅਦ ਸਬੂਤਾਂ ਸਮੇਤ ਕਰਨਗੇ।
ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਕਬੱਡੀ ਟੂਰਨਾਮੈਂਟ ਅਤੇ ਮੇਲੇ ਮੁੜ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉੱਥੋਂ ਦੀਆਂ ਭਾਜਪਾ ਸਰਕਾਰਾਂ ਨੇ ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਅਤੇ ਪੰਜਾਬ ਦੀ ਆਪਣੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਕਾਇਮ ਰੱਖਣਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ।
ਦਿੱਲੀ ਵਾਲਿਆਂ ਤੋਂ ਸਰਕਾਰਾਂ ਬਣਾਉਣ ਨਾਲ ਪੰਜਾਬ ਦੀ ਸੇਵਾ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਪੰਜਾਬ ਦੇ ਲੋਕਾਂ ਦੇ ਸਮਰਥਨ ਅਤੇ ਉਤਸ਼ਾਹ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ।
ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਟਾ ਸਟੀਲ ਪਲਾਂਟ ਪੰਜਾਬ ਵਿੱਚ ਕਾਰਜਸ਼ੀਲ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ
written by Live 24 Punjabi
- ਅਕਤੂਬਰ 2023 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਰੱਖਿਆ ਸੀ ਨੀਂਹ ਪੱਥਰ ਅਤੇ ਅੱਜ ਕੀਤਾ ਉਦਘਾਟਨ
- 2700 ਨੌਜਵਾਨਾਂ ਨੂੰ ਸਿੱਧੇ ਤੌਰ ’ਤੇ ਅਤੇ 10 ਹਜ਼ਾਰ ਨੌਜਵਾਨਾਂ ਨੂੰ ਅਸਿੱਧੇ ਤੌਰ ’ਤੇ ਮਿਲੇਗਾ ਰੋਜ਼ਗਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਲੁਧਿਆਣਾ, 20 ਮਾਰਚ : ‘ਆਪ’ ਦੀ ਅਗਵਾਈ ਵਾਲੀ ਸਰਕਾਰ ਅਧੀਨ ਪੰਜਾਬ ਦੀ ਉਦਯੋਗਿਕ ਸੁਰਜੀਤੀ ਨੂੰ ਭਰਪੂਰ ਹੁਲਾਰਾ ਮਿਲਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕੀਤਾ, ਜੋ ਫੈਸਲਾਕੁੰਨ ਨੀਤੀ ਦਾ ਪ੍ਰਤੱਖ ਪ੍ਰਮਾਣ ਹੈ। ਦੇਸ਼ ਵਿੱਚ ਪਹਿਲੀ ਵਾਰ ਹਜ਼ਾਰਾਂ ਨੌਕਰੀਆਂ ਦੇ ਵਾਅਦੇ ਅਤੇ ਗਰੀਨ ਊਰਜਾ-ਸੰਚਾਲਿਤ ਸਟੀਲ ਉਤਪਾਦਨ ਸ਼ੁਰੂ ਹੋਇਆ ਹੈ। ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਜ਼ੋਰ ਦੇ ਕੇ ਕਿਹਾ ਕਿ ਜੋ ਉਦਯੋਗ ਕਦੇ ਗਲਤ ਨੀਤੀਆਂ ਕਾਰਨ ਪੰਜਾਬ ਚੋਂ ਬਾਹਰ ਗਏ ਸਨ, ਉਹ ਹੁਣ ਉਦਯੋਗ-ਪੱਖੀ ਸ਼ਾਸਨ ਅਧੀਨ ਵਾਪਸ ਆ ਰਹੇ ਹਨ। 3200 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਵਿੱਚ ਸਥਾਪਿਤ ਇਹ ਪਲਾਂਟ ਪੰਜਾਬ ਦੀ ਉਦਯੋਗਿਕ ਨੁਹਾਰ ਨੂੰ ਬਦਲਣ ਵੱਲ ਵੱਡਾ ਕਦਮ ਹੈ।
ਟਾਟਾ ਸਟੀਲ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਇਹ ਇੱਕ ਯਾਦਗਾਰੀ ਦਿਨ ਹੈ ਕਿਉਂਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦਾ ਇਤਿਹਾਸ ਰਚਿਆ ਗਿਆ ਹੈ। ਅੱਜ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਇਸ ਇਲੈਕਟ੍ਰਿਕ ਆਰਕ ਫਰਨੇਸ-ਅਧਾਰਤ ਪਲਾਂਟ ਰਾਹੀਂ ਗਰੀਨ ਊਰਜਾ ਦੀ ਵਰਤੋਂ ਕਰਕੇ ਸਟੀਲ ਉਤਪਾਦਨ ਸ਼ੁਰੂ ਕੀਤਾ ਹੈ। ਇਹ ਪੰਜਾਬ ਲਈ ਇਤਿਹਾਸਕ ਤੇ ਵਿਸ਼ੇਸ਼ ਦਿਨ ਹੈ ਕਿਉਂਕਿ ਟਾਟਾ ਸਟੀਲ ਨੇ ਸਿੱਧੇ ਤੌਰ ’ਤੇ 2600 ਤੋਂ 2700 ਪਰਿਵਾਰਾਂ ਅਤੇ ਅਸਿੱਧੇ ਤੌਰ ’ਤੇ 8000-10000 ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਹ ਵਿਸ਼ਵ ਪੱਧਰੀ ਪਲਾਂਟ ਅਤਿ-ਆਧੁਨਿਕ ਗਰੀਨ ਊਰਜਾ ਤਕਨਾਲੋਜੀ ਨਾਲ ਲੈਸ ਹੈ।”

ਟਾਟਾ ਸਟੀਲ ਟੀਮ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ, “ ਟਾਟਾ ਸਟੀਲ ਵਰਗੀ ਕੰਪਨੀ ਦਾ ਕਿਸੇ ਰਾਜ ਵਿੱਚ ਨਿਵੇਸ਼ ਕਰਨਾ ਉਸ ਦੇ ਭਵਿੱਖ ਵਿੱਚ ਵਿਸ਼ਵਾਸ, ਭਰੋਸੇਯੋਗਤਾ ਨੂੰ ਦਰਸਾਉਂਦਾ ਹੈ। ਟਾਟਾ ਸਟੀਲ ਦੀ ਮੌਜੂਦਗੀ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਪੰਜਾਬ ਉਦਯੋਗਿਕ ਵਿਕਾਸ ਦੇ ਅਗਲੇ ਪੜਾਅ ਲਈ ਤਿਆਰ ਹੈ। ਇਹ ਨਿਵੇਸ਼ ਸਿਰਫ਼ ਇੱਕ ਪ੍ਰਾਜੈਕਟ ਨਹੀਂ ਹੈ, ਸਗੋਂ ਪੰਜਾਬ ਦੇ ਨੌਜਵਾਨਾਂ, ਸਾਡੇ ਇੰਜੀਨੀਅਰਾਂ, ਸਾਡੇ ਹੁਨਰਮੰਦ ਕਰਮਚਾਰੀਆਂ ਅਤੇ ਪੰਜਾਬ ਦੇ ਨਿਰਮਾਣ ਖੇਤਰ ਨੂੰ ਮਜ਼ਬੂਤ ਬਣਾਉਣ ਦਾ ਸੁਨਹਿਰੀ ਮੌਕਾ ਹੈ।”
ਭਵਿੱਖ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਪੰਜਾਬ ਹਮੇਸ਼ਾ ਉੱਦਮੀਆਂ ਦੀ ਧਰਤੀ ਰਿਹਾ ਹੈ ਅਤੇ ਲੁਧਿਆਣਾ ਵਰਗੇ ਸ਼ਹਿਰ ਉਨ੍ਹਾਂ ਦੀ ਉੱਦਮੀ ਭਾਵਨਾ, ਸਖ਼ਤ ਮਿਹਨਤ ਅਤੇ ਨਿਰਮਾਣ ਸ਼ਕਤੀ ਲਈ ਵਿਸ਼ਵ ਪੱਧਰ ’ਤੇ ਜਾਣੇ ਜਾਂਦੇ ਹਨ। ਟਾਟਾ ਸਟੀਲ ਪਲਾਂਟ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਅਸੀਂ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਅਤੇ ਪੰਜਾਬ ਨੂੰ ਭਵਿੱਖ ਨਿਰਮਾਣ ਲਈ ਤਿਆਰ ਕਰ ਰਹੇ ਹਾਂ। ਇਹ ਭਾਰਤ ਵਿੱਚ ਟਾਟਾ ਸਟੀਲ ਦਾ ਪਹਿਲਾ ਇਲੈਕਟ੍ਰਿਕ ਆਰਕ ਫਰਨੇਸ-ਅਧਾਰਤ ਪਲਾਂਟ ਹੈ, ਜੋ ਦਰਸਾਉਂਦਾ ਹੈ ਕਿ ਪੰਜਾਬ ਸਿਰਫ਼ ਨਿਵੇਸ਼ ਹੀ ਨਹੀਂ, ਸਗੋਂ ਆਧੁਨਿਕ ਅਤੇ ਭਵਿੱਖ ਲਈ ਤਿਆਰ ਨਿਵੇਸ਼ ਵੀ ਆਕਰਸ਼ਿਤ ਕਰ ਰਿਹਾ ਹੈ। ਅਜਿਹਾ ਉਤਪਾਦਨ ਕੁਸ਼ਲਤਾ, ਸਥਿਰਤਾ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਵੱਲ ਵਿਸ਼ਵਵਿਆਪੀ ਤਬਦੀਲੀ ਨੂੰ ਦਰਸਾਉਂਦਾ ਹੈ।”
ਸਰਕਾਰ ਦੇ ਉਦਯੋਗਿਕ ਦ੍ਰਿਸ਼ਟੀਕੋਣ ਨੂੰ ਦੁਹਰਾਉਂਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਪੰਜਾਬ ਭਾਰਤ ਦੇ ਸਭ ਤੋਂ ਪਸੰਦੀਦਾ ਉਦਯੋਗਿਕ ਸਥਾਨਾਂ ਵਿੱਚੋਂ ਇੱਕ ਬਣੇ। ਅਸੀਂ ਚਾਹੁੰਦੇ ਹਾਂ ਕਿ ਕੰਪਨੀਆਂ ਪੰਜਾਬ ਨੂੰ ਸਿਰਫ਼ ਇੱਕ ਬਾਜ਼ਾਰ ਵਜੋਂ ਹੀ ਨਹੀਂ, ਸਗੋਂ ਇੱਕ ਲੰਬੇ ਸਮੇਂ ਦੇ ਨਿਰਮਾਣ ਭਾਈਵਾਲ ਵਜੋਂ ਦੇਖਣ। ਟਾਟਾ ਗਰੁੱਪ ਵਿਸ਼ਵ ਪੱਧਰ ’ਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਲਈ ਜਾਣਿਆ ਜਾਂਦਾ ਹੈ ਅਤੇ ਰਤਨ ਟਾਟਾ ਨੇ ਹਮੇਸ਼ਾ ਇਸ ਸਬੰਧ ਵਿੱਚ ਅੱਗੇ ਹੋ ਕੇ ਅਗਵਾਈ ਕੀਤੀ ਹੈ।’’
ਨਿੱਜੀ ਉਦਾਹਰਨ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਮੌਨਸੂਨ ਦੌਰਾਨ ਅਵਾਰਾ ਕੁੱਤਿਆਂ ਨੂੰ ਸੰਘਰਸ਼ ਕਰਦੇ ਦੇਖ ਕੇ ਬੰਬੇ ਹਾਊਸ ਵਿਖੇ ਡੌਗ ਸ਼ੈਲਟਰ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ‘ਦੇਸ਼ ਦਾ ਬੇਟਾ’ ਕਹਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਤਾਂ ਪੂਰੇ ਦੇਸ਼ ਨੇ ਰਾਸ਼ਟਰ ਨਿਰਮਾਣ ਅਤੇ ਦੇਸ਼ ਦਾ ਨਾਂ ਦੁਨੀਆਂ ਭਰ ਵਿੱਚ ਚਮਕਾਉਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਗਰੀਨ ਊਰਜਾ ਰਾਹੀਂ ਸਟੀਲ ਉਤਪਾਦਨ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ।
ਆਪਣੀ ਜਾਪਾਨ ਫੇਰੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਜਾਪਾਨ ਵਰਗੇ ਦੇਸ਼ ਪਹਿਲਾਂ ਹੀ ਵੱਡੇ ਪੱਧਰ ‘ਤੇ ਗਰੀਨ ਊਰਜਾ ਵੱਲ ਵਧ ਰਹੇ ਹਨ ਅਤੇ ਇਹ ਪ੍ਰੋਜੈਕਟ ਦਰਸਾਉਂਦਾ ਹੈ ਕਿ ਪੰਜਾਬ ਭਵਿੱਖ ਵਿੱਚ ਨਿਵੇਸ਼ ਕਰ ਰਿਹਾ ਹੈ। ਪੰਜਾਬ ਦਾ ਮਜ਼ਬੂਤ ਹਵਾਈ, ਰੇਲ ਅਤੇ ਸੜਕੀ ਸੰਪਰਕ ਇਸ ਨੂੰ ਕਾਰੋਬਾਰ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ। ਅਸੀਂ ਟਾਟਾ ਗਰੁੱਪ ਨਾਲ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਲਈ ਹੋਰ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਉਠਾਇਆ ਹੈ।”

ਪੰਜਾਬ ਦੀ ਵਿਰਾਸਤ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸੂਬਾ ਗੁਰੂਆਂ, ਸੰਤਾਂ, ਪੀਰਾਂ, ਸ਼ਹੀਦਾਂ ਅਤੇ ਦੇਸ਼ ਭਗਤਾਂ ਦੀ ਸੁਭਾਗੀ ਧਰਤੀ ਹੈ, ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਉੱਗ ਸਕਦਾ ਹੈ। ਪੰਜਾਬ ਨੇ ਖੁਰਾਕ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਇਸ ਨੂੰ ਦੇਸ਼ ਦਾ ‘ਅੰਨਦਾਤਾ’ ਅਤੇ ‘ਖੜਗ ਭੁਜਾ’ ਦਾ ਖਿਤਾਬ ਵੀ ਪ੍ਰਾਪਤ ਹੈ। ਇਸ ਪਲਾਂਟ ਨਾਲ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਪ੍ਰਾਜੈਕਟ ਦੇ ਪੱਧਰ ਨੂੰ ਉਜਾਗਰ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਅੱਜ ਅਸੀਂ ਇਤਿਹਾਸ ਲਿਖ ਰਹੇ ਹਾਂ ਕਿਉਂਕਿ ਟਾਟਾ ਨਾ ਸਿਰਫ਼ ਪੈਸਾ ਨਿਵੇਸ਼ ਕਰ ਰਿਹਾ ਹੈ, ਸਗੋਂ ਆਪਣੀ ਸਾਖ ਵੀ ਪੰਜਾਬ ਦੇ ਨਾਂ ਕਰ ਰਿਹਾ ਹੈ। 115 ਏਕੜ ਵਿੱਚ ਫੈਲੇ ਇਸ ਪਲਾਂਟ ਵਿੱਚ ਨਿਵੇਸ਼ 2,600 ਕਰੋੜ ਰੁਪਏ ਤੋਂ ਵਧ ਕੇ 3,200 ਕਰੋੜ ਰੁਪਏ ਹੋ ਗਿਆ ਹੈ ਅਤੇ ਇਹ 100 ਫੀਸਦ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗਾ, ਜਿਸ ਨਾਲ ਇਹ ਵਾਤਾਵਰਣ ਪੱਖੀ ਵੀ ਰਹੇਗਾ। ਟਾਟਾ ਗਰੁੱਪ ਦੀਆਂ ਛੇ ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਯੂਨਿਟਾਂ ਕਾਰਜਸ਼ੀਲ ਹਨ ਅਤੇ ਇਹਨਾਂ ਵਿੱਚ 10 ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ। ਪੰਜਾਬੀ ਇਮਾਨਦਾਰ ਅਤੇ ਸਮਰਪਿਤ ਭਾਵਨਾ ਨਾਲ ਕੰਮ ਵਿੱਚ ਵਿਸ਼ਵਾਸ ਰੱਖਦੇ ਹਨ, ਜਿਨ੍ਹਾਂ ਨੇ ਹਮੇਸ਼ਾ ਉਦਯੋਗ ਅਤੇ ਕਰਮਚਾਰੀਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ ‘ਤੇ ਨਿਵੇਸ਼ ਆਕਰਸ਼ਿਤ ਕੀਤਾ ਜਾ ਰਿਹਾ ਹੈ।”
ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ ਚਾਰ ਸਾਲਾਂ ਦੌਰਾਨ 1.58 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਪੰਜ ਲੱਖ ਤੋਂ ਵੱਧ ਮੌਕੇ ਪੈਦਾ ਹੋਏ ਹਨ। ਸਾਡੀ ਪਹੁੰਚ ਸਰਲ ਹੈ, ਭਾਵ ਸਥਿਰ ਨੀਤੀਆਂ, ਤੇਜ਼ ਫੈਸਲੇ ਅਤੇ ਮਜ਼ਬੂਤ ਉਦਯੋਗਿਕ ਭਾਈਵਾਲੀ। ਸੂਬਾ ਸਰਕਾਰ ਨੂੰ ਅੜਿੱਕੇ ਖੜ੍ਹੇ ਕਰਨ ਦੀ ਥਾਂ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਬਣਾਉਣਾ ਚਾਹੀਦਾ ਹੈ।”
ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ, “ਪੰਜਾਬ ਨਿਵੇਸ਼ ਦਾ ਸਵਾਗਤ ਕਰਨ ਲਈ ਤਿਆਰ ਹੈ ਅਤੇ ਉਦਯੋਗਾਂ ਨੂੰ ਸਮਰਥਨ ਦਿੰਦਾ ਹੈ, ਜੋ ਨੌਕਰੀਆਂ ਪੈਦਾ ਕਰਦੇ ਹਨ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ। ਹਰ ਨਵੀਂ ਫੈਕਟਰੀ ਅਤੇ ਨਿਵੇਸ਼ ਰਾਜ ਨੂੰ ਰੋਜ਼ਗਾਰ ਪੈਦਾ ਕਰਨ ਦੇ ਨੇੜੇ ਜਾਣ ਵਿੱਚ ਮਦਦ ਕਰਦਾ ਹੈ। ਜਦੋਂ ਉਦਯੋਗ ਵਧਦੇ ਹਨ, ਪੰਜਾਬ ਵਧਦਾ ਹੈ ਅਤੇ ਜਦੋਂ ਪੰਜਾਬ ਵਧਦਾ ਹੈ ਤਾਂ ਦੇਸ਼ ਵਧਦਾ ਹੈ। ਜਦੋਂ ਉਦਯੋਗ ਨੌਕਰੀਆਂ ਪੈਦਾ ਕਰਦੇ ਹਨ ਤਾਂ ਨੌਜਵਾਨਾਂ ਨੂੰ ਸੂਬੇ ਵਿੱਚ ਮੌਕੇ ਲੱਭਦੇ ਹਨ, ਜੋ ਪੰਜਾਬ ਨੂੰ ਮੈਨੂਫੈਕਚਰਿੰਗ ਰਾਹੀਂ ਉੱਚ ਉਦਯੋਗਿਕ ਵਿਕਾਸ ਵੱਲ ਲੈ ਕੇ ਜਾਂਦੇ ਹਨ। ਪੰਜਾਬ ਗਲੋਬਲ ਮੁਕਾਬਲੇਬਾਜ਼ੀ ਅਤੇ ਮਜ਼ਬੂਤ ਉਦਯੋਗਿਕ ਵਾਤਾਵਰਨ ਪ੍ਰਣਾਲੀ ਵੱਲ ਵਧ ਰਿਹਾ ਹੈ।”
ਸਹਿਯੋਗ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਉਦਯੋਗਿਕ ਵਿਕਾਸ ਹਮੇਸ਼ਾ ਇੱਕ ਭਾਈਵਾਲੀ ਹੁੰਦਾ ਹੈ। ਜਦੋਂ ਸਰਕਾਰ ਅਤੇ ਉਦਯੋਗ ਵਿਸ਼ਵਾਸ ਅਤੇ ਸਪੱਸ਼ਟਤਾ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧਦੇ ਹਨ ਅਤੇ ਨਤੀਜੇ ਵਧੀਆ ਨਿਕਲਦੇ ਹਨ।” ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਵਿਕਾਸ ਦੀ ਕਹਾਣੀ ਵਿੱਚ ਇੱਕ ਅਹਿਮ ਥੰਮ੍ਹ ਬਣੇਗਾ। ਇਹ ਪ੍ਰੋਜੈਕਟ ਹੋਰ ਕੰਪਨੀਆਂ ਨੂੰ ਪੰਜਾਬ ਨੂੰ ਇੱਕ ਮਜ਼ਬੂਤ ਨਿਰਮਾਣ ਟਿਕਾਣੇ ਵਜੋਂ ਉਤਸ਼ਾਹਿਤ ਕਰੇਗਾ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਾਟਾ ਸਟੀਲ ਅਤੇ ਉਦਯੋਗ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਵਿੱਚ ਭਾਈਵਾਲ ਹਨ। ਉਨ੍ਹਾਂ ਕਿਹਾ, “ਇਹ ਪ੍ਰੋਜੈਕਟ ਸੂਬੇ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪੰਜਾਬ ਨੂੰ ਉਦਯੋਗਿਕ ਧੁਰੇ ਵਿੱਚ ਬਦਲਣ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰੇਗਾ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਨਾ ਸਿਰਫ਼ ਖੇਤੀ ਵਿੱਚ ਸਗੋਂ ਉਦਯੋਗ ਵਿੱਚ ਵੀ ਦੇਸ਼ ਦੀ ਅਗਵਾਈ ਕਰੇਗਾ।”
ਇਸ ਤੋਂ ਪਹਿਲਾਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਹਰਦੀਪ ਸਿੰਘ ਮੁੰਡੀਆਂ, ਮੁੱਖ ਸਕੱਤਰ ਕੇ.ਏ.ਪੀ.ਸਿਨਹਾ ਤੇ ਹੋਰ ਹਾਜ਼ਰ ਸਨ।
ਹੋਲੀ ਮਿਲਾਨ ਸਮਾਰੋਹ ‘ਚ ਖੇਡੀ ਫੁੱਲਾਂ ਦੀ ਹੋਲੀ, United Media ਕਲੱਬ ਨੇ ਸਾਫ਼-ਸੁਥਰੀ ਪੱਤਰਕਾਰੀ ਨੂੰ ਅਪਣਾਇਆ
written by Live 24 Punjabi
- ਐਸਐਸਪੀ ਹਰਵਿੰਦਰ ਸਿੰਘ ਵਿਰਕ ਹੋਲੀ ਮਿਲਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ, ਉਨ੍ਹਾਂ ਦੇ ਨਾਲ ਮੇਅਰ ਵਿਨੀਤ ਧੀਰ ਅਤੇ ਕਈ ਹੋਰ ਪਤਵੰਤੇ ਵੀ ਸਨ।
ਜਲੰਧਰ : ਜਲੰਧਰ ਦੇ ਯੂਨਾਈਟਿਡ ਮੀਡੀਆ ਕਲੱਬ ਨੇ ਐਤਵਾਰ, 15 ਮਾਰਚ ਨੂੰ ਇੱਕ ਰੰਗੀਨ ਹੋਲੀ ਮਿਲਾਨ ਸਮਾਰੋਹ ਦਾ ਆਯੋਜਨ ਕੀਤਾ, ਜਿੱਥੇ ਫੁੱਲਾਂ ਨਾਲ ਹੋਲੀ ਖੇਡ ਕੇ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਸੁਕ੍ਰਾਂਤ ਸਫਾਰੀ ਨੇ ਕੀਤੀ। ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਲੰਧਰ ਦੇ ਮੇਅਰ ਵਿਨੀਤ ਧੀਰ, ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ, ਸਾਬਕਾ ਸੀਪੀਐਸ ਕੇਡੀ ਭੰਡਾਰੀ, ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਹੋਟਲ ਮੈਰੀਟਨ ਦੇ ਐਮਡੀ ਡਾ. ਪਰਮਜੀਤ ਸਿੰਘ ਮਰਵਾਹਾ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਵਾਸਨ, ਠੇਕੇਦਾਰ ਗੌਰਵ ਗੁਪਤਾ, ਵੀਜ਼ਾ ਮਾਹਰ ਮਨਿੰਦਰ ਸਿੰਘ, ਕਾਰੋਬਾਰੀ ਜੱਸੀ ਕੋਚਰ ਅਤੇ ਸਾਈਬਰ ਮਾਹਰ ਪਲਵਿੰਦਰ ਸਿੰਘ ਵੀ ਮੌਜੂਦ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਕਲੱਬ ਦੇ ਮੈਂਬਰਾਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਮਹਿਮਾਨਾਂ ਦਾ ਸਵਾਗਤ ਕਰਨ ਨਾਲ ਕੀਤੀ। ਫਿਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਜੇਸ਼ ਸ਼ਰਮਾ (ਟਿੰਕੂ ਪੰਡਿਤ) ਨੇ ਸੈਸ਼ਨ ਦਾ ਸੰਚਾਲਨ ਕੀਤਾ, ਜਿਸ ਵਿੱਚ ਯੂਨਾਈਟਿਡ ਮੀਡੀਆ ਕਲੱਬ ਦੇ ਪ੍ਰੋਗਰਾਮਾਂ ਅਤੇ ਸਮਾਜ ਸੇਵਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਲੱਬ ਨਾ ਸਿਰਫ਼ ਪੱਤਰਕਾਰਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਬਲਕਿ ਸਮਾਜਿਕ ਕਾਰਜਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦਾ ਹੈ।

ਕਲੱਬ ਦੇ ਪ੍ਰਧਾਨ ਸੁਕ੍ਰਾਂਤ ਸਫਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਨਾਈਟਿਡ ਮੀਡੀਆ ਕਲੱਬ ਦਾ ਗਠਨ ਪੱਤਰਕਾਰਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਨੂੰ ਇੱਕ ਬਿਹਤਰ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਲੱਬ ਨੇ ਥੋੜ੍ਹੇ ਸਮੇਂ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਪੱਤਰਕਾਰੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਉਨ੍ਹਾਂ ਸਾਰੇ ਮੈਂਬਰਾਂ ਦੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਲੱਬ ਨੇ ਸਾਫ਼-ਸੁਥਰੀ ਪੱਤਰਕਾਰੀ ਅਪਣਾਈ ਹੈ।
ਮੁੱਖ ਮਹਿਮਾਨ, ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਲੱਬ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੀਡੀਆ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਪੱਤਰਕਾਰਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਯੂਨਾਈਟਿਡ ਮੀਡੀਆ ਕਲੱਬ ਦੇ ਯਤਨ ਸ਼ਲਾਘਾਯੋਗ ਹਨ ਅਤੇ ਅਜਿਹੇ ਸਮਾਗਮ ਸਮਾਜ ਨੂੰ ਸਕਾਰਾਤਮਕ ਸੁਨੇਹਾ ਦਿੰਦੇ ਹਨ।

ਮੇਅਰ ਵਿਨੀਤ ਧੀਰ ਨੇ ਕਿਹਾ ਕਿ ਸਮੇਂ ਦੇ ਨਾਲ ਪੱਤਰਕਾਰੀ ਦਾ ਮਿਆਰ ਕਾਫ਼ੀ ਉੱਚਾ ਹੋਇਆ ਹੈ ਅਤੇ ਪੱਤਰਕਾਰ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਹਨ ਅਤੇ ਉਨ੍ਹਾਂ ਨੂੰ ਸੱਚਾਈ ਨੂੰ ਉਜਾਗਰ ਕਰਦੇ ਰਹਿਣਾ ਚਾਹੀਦਾ ਹੈ। ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਨੇ ਯੂਨਾਈਟਿਡ ਮੀਡੀਆ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪਲੇਟਫਾਰਮ ਨਾ ਸਿਰਫ਼ ਪੱਤਰਕਾਰਾਂ ਨੂੰ ਇਕਜੁੱਟ ਕਰਦੇ ਹਨ ਬਲਕਿ ਸਮਾਜ ਨੂੰ ਸਕਾਰਾਤਮਕ ਲਾਭ ਵੀ ਪ੍ਰਦਾਨ ਕਰਦੇ ਹਨ। ਸਾਬਕਾ ਸੀਪੀਐਸ ਕੇਡੀ ਭੰਡਾਰੀ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਸਮਾਜ ਦੀ ਭਲਾਈ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਯੂਨਾਈਟਿਡ ਮੀਡੀਆ ਕਲੱਬ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਪੱਤਰਕਾਰ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਇਕੱਠੇ ਕੰਮ ਕਰਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ, ਕਲੱਬ ਦੇ ਜਨਰਲ ਸਕੱਤਰ ਮਦਨ ਭਾਰਦਵਾਜ ਨੇ ਸਮਾਗਮ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੀਫ ਰਿਪੋਟਰ ਦਿਨੇਸ਼ ਸ਼ਰਮਾ, ਗੁਰਪ੍ਰੀਤ ਸਿੰਘ, ਜਤਿੰਦਰ ਪੰਮੀ, ਜਗਜੀਤ ਸੁਸ਼ਾਂਤ, ਰੋਹਿਤ ਸਿੱਧੂ, ਜਗਦੀਸ਼ ਕੁਮਾਰ, ਅਸ਼ਵਨੀ ਮਲਹੋਤਰਾ, ਰਾਜੇਸ਼ ਯੋਗੀ, ਸੌਰਵ ਮਹਿਤਾ, ਕੁਲਵੰਤ ਮਠਾੜੂ, ਨਵਦੀਪ ਬੈਂਸ, ਨਰਿੰਦਰ ਨੰਦਨ, ਪਰਮਜੀਤ ਸਿੰਘ ਰੰਗਪੁਰੀ, ਚੰਨਦੀਪ ਭੱਲਾ, ਕਸ਼ਿਸ਼ ਭੱਲਾ, ਪ੍ਰਸ਼ਾਦ ਭੱਲਾ, ਪ੍ਰਸ਼ਾਦ ਜੱਪ, ਡਾ. ਨਵੀਨ ਸ਼ਰਮਾ, ਜੇ.ਐਸ.ਸੋਢੀ, ਵਿਜੇ ਸ਼ਰਮਾ, ਸੰਜੇ ਵਰਮਾ, ਕਮਲ ਕਿਸ਼ੋਰ, ਸ਼ਾਮ ਸਹਿਗਲ, ਹਰਸ਼ ਕੁਮਾਰ, ਤਰੁਣ, ਸੌਰਭ ਖੰਨਾ, ਹਰੀਸ਼ ਸ਼ਰਮਾ ਸਮੇਤ ਕਈ ਕਲੱਬ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਸਾਰਿਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ।
ਪੰਜਾਬ ‘ਚ ਆਪਣੇ ਦਮ ‘ਤੇ ਸਰਕਾਰ ਬਣਾਵਾਂਗੇ, ਨਸ਼ੇ ਨੂੰ ਖਤਮ ਅਤੇ ਧਰਮ ਪਰਿਵਰਤਨ ਰੋਕਣ ਲਈ ਲਿਆਵਾਂਗੇ ਬਿਲ : ਸ਼ਾਹ
written by Live 24 Punjabi
ਮੋਗਾ, 14 ਮਾਰਚ : ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ, ਭਾਜਪਾ ਨੇ ਅੱਜ ਮੋਗਾ ਵਿੱਚ “ਬਦਲਾਵ” ਰੈਲੀ ਕੀਤੀ। ਇਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਵਿੱਚ ਸ਼ਾਮਲ ਹੋਏ। ਉਹ ਕੇਸਰੀ ਰੰਗ ਦੀ ਪੱਗ ਬੰਨ੍ਹ ਕੇ ਸਟੇਜ ‘ਤੇ ਪਹੁੰਚੇ। ਉਨ੍ਹਾਂ ਦਾ ਸਵਾਗਤ ਜ਼ੋਰਦਾਰ ਨਾਅਰਿਆਂ ਨਾਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਵੀ ਕੀਤੇ।
ਉਨ੍ਹਾਂ ਆਖਿਆ ਕਿ ਅੱਜ ਮੈਂ ਐਲਾਨ ਕਰਦਾ ਹਾਂ ਕਿ 2027 ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਲੜਨ ਜਾ ਰਹੀ ਹੈ। ਜੇਕਰ ਕੋਈ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦਾ ਹੈ ਤਾਂ ਉਹ ਨਰਿੰਦਰ ਮੋਦੀ ਹਨ। ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ, ਤਾਂ ‘ਡਬਲ-ਇੰਜਣ’ ਵਾਲੀ ਸਰਕਾਰ ਦੀ ਲੋੜ ਹੈ। ਉਨ੍ਹਾਂ ਅਕਾਲੀ ਦਲ ਨਾਲ ਗੱਠਜੋੜ ਬਾਰੇ ਵੀ ਸਪਸ਼ਟ ਤੌਰ ਤੇ ਜਵਾਬ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ। ਗ੍ਰਹਿ ਮੰਤਰੀ ਦੇ ਬਿਆਨ ਨੇ ਅਕਾਲੀ ਦਲ ਨਾਲ ਗੱਠਜੋੜ ਦੀਆਂ ਅਟਕਲਾਂ ਨੂੰ ਵਿਰਾਮ ਲਗਾ ਦਿੱਤਾ। ਉਨ੍ਹਾਂ 2027 ਵਿਚ ਪੰਜਾਬ ਵਿਚ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਸ਼ਾਹ ਨੇ ਸਪੱਸ਼ਟ ਕੀਤਾ ਕਿ ਹੁਣ ਭਾਜਪਾ ਪੰਜਾਬ ਵਿੱਚ ‘ਛੋਟੇ ਭਰਾ’ (ਜੂਨੀਅਰ ਸਹਿਯੋਗੀ) ਵਜੋਂ ਨਹੀਂ, ਸਗੋਂ ਆਪਣੇ ਦਮ ’ਤੇ ਸਰਕਾਰ ਬਣਾਉਣ ਦੇ ਮਕਸਦ ਨਾਲ ਮੈਦਾਨ ਵਿੱਚ ਉਤਰੇਗੀ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਨੇ ਦੇਸ਼ ਵਿੱਚੋਂ ਨਕਸਲਵਾਦ ਨੂੰ ਨੱਥ ਪਾਈ ਹੈ, ਉਸੇ ਤਰ੍ਹਾਂ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਿਆ ਜਾਵੇਗਾ। ਅਮਿਤ ਸ਼ਾਹ ਨੇ ਪੰਜਾਬ ਦੀ ਮੌਜੂਦਾ ਸਥਿਤੀ ਉਤੇ ਚਿੰਤਾ ਪ੍ਰਗਟ ਕਰਦਿਆਂ ‘ਤਿੰਨ ਵੱਡੇ ਖ਼ਤਰਿਆਂ’-ਗੈਂਗਸਟਰ ਕਲਚਰ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਭ੍ਰਿਸ਼ਟਾਚਾਰ, ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ, ਤਾਂ ਇਨ੍ਹਾਂ ਬੁਰਾਈਆਂ ਨੂੰ ਸੂਬੇ ਵਿੱਚੋਂ ਪੂਰੀ ਤਰ੍ਹਾਂ ਮਲੀਆਮੇਟ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣੀ ਤਾਂ 2 ਸਾਲ ਵਿਚ ਸੂਬੇ ਨੂੰ ਨਸ਼ਾ ਮੁਕਤ ਕਰ ਦੇਵਾਂਗਾ। ਪੂਰਾ ਪੰਜਾਬ ਇਸ ਸਮੇਂ ਧਾਰਮਿਕ ਧਰਮ ਪਰਿਵਰਤਨ ਨਾਲ ਜੂਝ ਰਿਹਾ ਹੈ। ਜਿਵੇਂ ਹੀ ਭਾਜਪਾ ਸਰਕਾਰ ਬਣਾਏਗੀ, ਸਾਡੀ ਪਹਿਲੀ ਤਰਜੀਹ ਇਨ੍ਹਾਂ ਧਰਮ ਪਰਿਵਰਤਨਾਂ ਨੂੰ ਰੋਕਣਾ ਹੋਵੇਗੀ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਵਿੱਚ ‘ਡਬਲ ਇੰਜਣ’ ਸਰਕਾਰ ਚਾਹੁੰਦੇ ਹਨ ਅਤੇ ਮੌਜੂਦਾ ‘ਆਪ’ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਨੂੰ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਹੈ।
ਰੈਲੀ ਦੌਰਾਨ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ ਉਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ, ਜੋ ਕਦੇ ਖੇਤਾਂ ਅਤੇ ਖੇਡ ਮੈਦਾਨਾਂ ਦੀ ਸ਼ਾਨ ਹੁੰਦਾ ਸੀ, ਅੱਜ ਨਸ਼ਿਆਂ ਕਾਰਨ ਨਾਲੀਆਂ ਵਿੱਚ ਦਮ ਤੋੜ ਰਿਹਾ ਹੈ।
