ਚੰਡੀਗੜ੍ਹ, 26 ਮਈ : ਪੰਜਾਬ ਵਿੱਚ ਮੰਗਲਵਾਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਸ਼ਾਂਤੀਪੂਰਨ ਅਤੇ ਹਿੰਸਕ ਘਟਨਾਵਾਂ ਦੇ ਮਿਲੇ-ਜੁਲੇ ਮਾਹੌਲ ਵਿੱਚ ਸੰਪੰਨ ਹੋ ਗਈਆਂ। ਸੂਬੇ ਵਿੱਚ ਕੁੱਲ 63.94 ਫੀਸਦੀ ਵੋਟਿੰਗ ਦਰਜ ਕੀਤੀ ਗਈ। ਚੋਣਾਂ ਦੌਰਾਨ ਕਈ ਥਾਵਾਂ ‘ਤੇ ਝੜਪਾਂ, ਪੱਥਰਬਾਜ਼ੀ ਅਤੇ ਬੂਥ ਕੈਪਚਰਿੰਗ ਦੇ ਦੋਸ਼ ਸਾਹਮਣੇ ਆਏ, ਜਿਸ ਕਾਰਨ ਕੁਝ ਇਲਾਕਿਆਂ ਵਿੱਚ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ।
ਸੂਬੇ ਦੇ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ। ਕੁੱਲ 35 ਲੱਖ 683 ਵੋਟਰਾਂ ਵਿੱਚੋਂ 22 ਲੱਖ 38 ਹਜ਼ਾਰ 241 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਚੋਣ ਮੈਦਾਨ ਵਿੱਚ 7 ਹਜ਼ਾਰ 555 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।

ਵੋਟਿੰਗ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਨਗਰ ਨਿਗਮ ਖੇਤਰਾਂ ਵਿੱਚ ਸਭ ਤੋਂ ਘੱਟ 59.91 ਫੀਸਦੀ ਮਤਦਾਨ ਹੋਇਆ। ਇੱਥੇ 10 ਲੱਖ 71 ਹਜ਼ਾਰ 403 ਵੋਟਰਾਂ ਵਿੱਚੋਂ 6 ਲੱਖ 41 ਹਜ਼ਾਰ 930 ਲੋਕਾਂ ਨੇ ਵੋਟ ਪਾਈ। ਨਗਰ ਕੌਂਸਲਾਂ ਵਿੱਚ 65.06 ਫੀਸਦੀ ਅਤੇ ਨਗਰ ਪੰਚਾਇਤਾਂ ਵਿੱਚ ਸਭ ਤੋਂ ਵੱਧ 76.18 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਪਟਿਆਲਾ ਦੇ ਸਮਾਣਾ ਵਿੱਚ ਚੋਣਾਂ ਦੌਰਾਨ ਸਭ ਤੋਂ ਵੱਧ ਤਣਾਅਪੂਰਨ ਹਾਲਾਤ ਰਹੇ। ਵਾਰਡ ਨੰਬਰ 3, 10, 14, 15 ਅਤੇ 19 ਵਿੱਚ ਬੂਥ ਕੈਪਚਰਿੰਗ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲੱਗੇ। ਇਸ ਦੌਰਾਨ ਉਪਦਰਵੀਆਂ ਨੇ ਪੋਲਿੰਗ ਬੂਥਾਂ ਦੇ ਬਾਹਰ ਲੱਗੇ ਟੈਂਟ ਉਖਾੜ ਦਿੱਤੇ ਅਤੇ ਫਲੈਕਸ ਫਾੜ ਦਿੱਤੇ। ਕਈ ਥਾਵਾਂ ‘ਤੇ ਇੱਟਾਂ-ਪੱਥਰ ਵੀ ਚੱਲੇ। ਵਾਰਡ ਨੰਬਰ 19 ਵਿੱਚ ਇੱਕ ਵਿਅਕਤੀ ਦੇ ਕਰੰਟ ਲੱਗਣ ਨਾਲ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਹਾਲਾਤ ਵਿਗੜਦੇ ਦੇਖ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਖਦੇੜਿਆ।
ਸਮਾਣਾ ਦੇ ਵਾਰਡ ਨੰਬਰ 10 ਵਿੱਚ ਕੁਝ ਲੋਕਾਂ ਵੱਲੋਂ ਦੋ ਮੀਡੀਆ ਕਰਮੀਆਂ ਦੇ ਮੋਬਾਈਲ ਫੋਨ ਖੋਹਣ ਦੀ ਘਟਨਾ ਵੀ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉੱਧਰ, ਲੁਧਿਆਣਾ ਦੇ ਰਾਏਕੋਟ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮਰਥਕਾਂ ਵਿਚਕਾਰ ਹਿੰਸਕ ਝੜਪ ਹੋ ਗਈ। ਵਾਰਡ ਨੰਬਰ 4 ਵਿੱਚ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਵਿਵਾਦ ਦੇਖਦੇ ਹੀ ਦੇਖਦੇ ਖੂਨੀ ਟਕਰਾਅ ਵਿੱਚ ਤਬਦੀਲ ਹੋ ਗਿਆ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ‘ਤੇ ਇੱਟਾਂ-ਪੱਥਰਾਂ ਨਾਲ ਹਮਲੇ ਕੀਤੇ ਗਏ।
ਇਸ ਹਮਲੇ ਵਿੱਚ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਅਤੇ ਉਨ੍ਹਾਂ ਦੇ ਸਾਥੀ ਕੋਮਲਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜੱਗਾ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਚੋਣਾਂ ਦੌਰਾਨ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜ਼ਿਆਦਾਤਰ ਥਾਵਾਂ ‘ਤੇ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ, ਜਦਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਹਾਲਾਤ ਕਾਬੂ ਹੇਠ ਹਨ।
