ਤਰਨਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਲਾਅ ਕਾਲਜ ‘ਚ ਵਿਦਿਆਰਥਣ ਨੂੰ ਇੱਕਪਾਸੜ ਪਿਆਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਲਾਸਮੇਟ ਪ੍ਰਿੰਸ ਰਾਜ ਸਿੰਘ ਨੇ ਵੀ ਵੀਰਵਾਰ ਸਵੇਰੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਸ ਦਾ ਇਲਾਜ਼ ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਚੱਲ ਰਿਹਾ ਸੀ ਪਰ ਅੱਜ ਸਵੇਰ ਉਸ ਨੇ ਵੀ ਦਮ ਤੋੜ੍ਹ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ (19) ਵਾਸੀ ਨੌਸ਼ਹਿਰਾ ਪੰਨੂਆਂ ਪਿੰਡ ਉਸਮਾ ਸਥਿਤ ਕਾਲਜ ਆਫ ਲਾਅ ਵਿੱਚ ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੀ। ਸੋਮਵਾਰ ਸਵੇਰੇ ਜਦੋਂ ਉਹ ਕਾਲਜ ਪਹੁੰਚੀ ਤਾਂ ਕਲਾਸ ਵਿੱਚ ਹੋਰ ਵਿਦਿਆਰਥੀਆਂ ਦੇ ਨਾਲ ਕੁਝ ਲੜਕੇ ਵੀ ਮੌਜੂਦ ਸਨ। ਇਸ ਦੌਰਾਨ ਪ੍ਰਿੰਸ ਰਾਜ ਸਿੰਘ (19) ਵਾਸੀ ਪਿੰਡ ਮਲੀਆਂ ਨੇ ਸੰਦੀਪ ਕੌਰ ਨੂੰ ਦੋਸਤੀ ਲਈ ਪ੍ਰਪੋਜ਼ ਕੀਤਾ ਪਰ ਇਨਕਾਰ ਮਿਲਣ ’ਤੇ ਉਸਨੇ ਆਪਣੀ ਡੱਬ ਵਿੱਚ ਰੱਖੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ।
ਗੋਲੀ ਲੱਗਣ ਨਾਲ ਸੰਦੀਪ ਕੌਰ ਦੀ ਕਲਾਸ ਵਿੱਚ ਹੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਤੁਰੰਤ ਬਾਅਦ ਪ੍ਰਿੰਸ ਰਾਜ ਸਿੰਘ ਨੇ ਆਪਣੀ ਕੰਨਪਟੀ ਉਪਰ ਗੋਲੀ ਮਾਰ ਲਈ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਜਿਸ ਮਗਰੋਂ ਮੁਲਜ਼ਮ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਸੀ। ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਤਰਨਤਾਰਨ ਪੁਲਸ ਵੱਲੋਂ ਪ੍ਰਿੰਸ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਪਰਿਵਾਰਕ ਜਾਣਕਾਰੀ ਮੁਤਾਬਕ ਪ੍ਰਿੰਸ ਰਾਜ ਸਿੰਘ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਸੰਦੀਪ ਕੌਰ ਨੂੰ ਜ਼ਬਰਦਸਤੀ ਦੋਸਤੀ ਲਈ ਤੰਗ ਕਰ ਰਿਹਾ ਸੀ, ਪਰ ਉਹ ਆਪਣੀ ਪੜ੍ਹਾਈ ’ਤੇ ਧਿਆਨ ਦਿੰਦਿਆਂ ਸਾਫ ਇਨਕਾਰ ਕਰਦੀ ਰਹੀ। ਇਸੇ ਰੰਜਿਸ਼ ਦੇ ਚੱਲਦਿਆਂ ਉਸਨੇ ਕਾਲਜ ਦੀ ਕਲਾਸ ਵਿੱਚ ਇਹ ਖੂਨੀ ਵਾਰਦਾਤ ਅੰਜਾਮ ਦਿੱਤਾ।
