ਪੰਨੂ ਦੀ ਭਾਜਪਾ ਨੂੰ ਚੇਤਾਵਨੀ:ਵਾਰ-ਵਾਰ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਪਰਖਣ ਦੀ ਕੋਸ਼ਿਸ਼ ਕਰਨਾ ਬੰਦ ਕਰੇ ਭਾਜਪਾ
ਮੋਗਾ/ਚੰਡੀਗੜ੍ਹ, 24 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਬਲਤੇਜ ਸਿੰਘ ਪੰਨੂ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੂੰ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਬਾਰਡਰ ਸਟੇਟ (ਸੰਵੇਦਨਸ਼ੀਲ ਸੂਬੇ) ਲਈ ਖਤਰੇ ਤੋਂ ਖਾਲੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜਾਰੀ ਜੰਗ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਅਤੇ ਮੋਗਾ ਜ਼ਿਲ੍ਹੇ ਦੇ ਪੁਰਾਣੇ ਰੈਵਨਿਊ ਰਿਕਾਰਡ ਦੇ ਮੁੱਦੇ ‘ਤੇ ਵੀ ਗੱਲ ਕੀਤੀ।
ਪੰਨੂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸਨ। ਉਨ੍ਹਾਂ ਦੀ ਕੁਰਬਾਨੀ ਕਾਰਨ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਪੂਰੀ ਹੋਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ, ਲਾਈਟ ਐਂਡ ਸਾਊਂਡ ਸ਼ੋਅ ਅਤੇ ਸਪੈਸ਼ਲ ਸੈਸ਼ਨ ਕਰਵਾਏ ਗਏ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਮਹਾਨ ਕੁਰਬਾਨੀ ਬਾਰੇ ਦੱਸਿਆ ਜਾ ਸਕੇ।
ਪੰਨੂ ਨੇ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਕਿਸੇ ਨਾ ਕਿਸੇ ਸਾਜ਼ਿਸ਼ ਤਹਿਤ ਵਾਰ-ਵਾਰ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਪਰਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਬੀਬੀਐਮਬੀ, ਪੀਯੂ ਅਤੇ ਹੁਣ ਚੰਡੀਗੜ੍ਹ ਦੇ ਮੁੱਦੇ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਸੀ। 1966 ਵਿੱਚ ਹਰਿਆਣਾ ਬਣਨ ਵੇਲੇ ਇਸ ਨੂੰ ਸਿਰਫ ਕੁਝ ਸਮੇਂ ਲਈ ਵਰਤਣ ਲਈ ਦਿੱਤਾ ਗਿਆ ਸੀ। ਪਰ ਕੇਂਦਰ ਦੀਆਂ ਸਰਕਾਰਾਂ ਨੇ ਜਾਣ-ਬੁੱਝ ਕੇ ਇਸ ਮੁੱਦੇ ਨੂੰ ਭਖਦਾ ਰੱਖਿਆ। ਪੰਨੂ ਨੇ ਕਿਹਾ ਕਿ ਭਾਜਪਾ ਨੇ ਸੰਵਿਧਾਨ ਦੀ ਧਾਰਾ 240 ਵਿੱਚ ਸੋਧ ਕਰਕੇ ਇਸ ਨੂੰ ਸਥਾਈ ਤੌਰ ‘ਤੇ ਰਾਸ਼ਟਰਪਤੀ ਦੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ‘ਤੇ ਮੁੱਖ ਮੰਤਰੀ ਅਤੇ ਪੰਜਾਬੀਆਂ ਦੇ ਤੁਰੰਤ ਪ੍ਰਤੀਕਰਮ ਕਾਰਨ ਭਾਜਪਾ ਨੂੰ 12 ਘੰਟਿਆਂ ਵਿੱਚ ਆਪਣਾ ਫੈਸਲਾ ਵਾਪਸ ਲੈਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਹ ਫੈਸਲਾ ਮੁਕੰਮਲ ਰੂਪ ਵਿੱਚ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਪੰਜਾਬ ਇੱਕ ਸੈਂਸਿਟਿਵ ਸਟੇਟ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਠੀਕ ਨਹੀਂ।
ਮੋਗਾ ਜ਼ਿਲ੍ਹੇ ਦੇ ਬਣਨ ਦੇ 30 ਸਾਲ ਪੂਰੇ ਹੋਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਪੰਨੂ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ‘ਤੇ ਹੀ ਕੈਬਨਿਟ ਮੰਤਰੀ ਨਾਲ ਗੱਲ ਕੀਤੀ ਹੈ ਕਿ ਮੋਗਾ ਦਾ ਰੈਵਨਿਊ ਰਿਕਾਰਡ ਅਜੇ ਤੱਕ ਫਿਰੋਜ਼ਪੁਰ ਵਿੱਚ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਹੁੰਦੀ ਹੈ। ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਇੱਕ ਹਫ਼ਤੇ ਵਿੱਚ ਇਹ ਰਿਕਾਰਡ ਮੋਗਾ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਤੱਕ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਅਤੇ ਮੁੱਦਿਆਂ ਨੂੰ ਪਹੁੰਚਾਉਣ ਦੀ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ।
ਨਸ਼ਿਆਂ ਵਿਰੁੱਧ ਜਾਰੀ ਜੰਗ ਬਾਰੇ ਪੰਨੂ ਨੇ ਕਿਹਾ ਕਿ ਇਹ ਇੱਕ ‘ਯੁੱਧ’ ਹੈ ਜੋ ਪੂਰੀ ਤਾਕਤ ਨਾਲ ਲੜਿਆ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ 20-22 ਸਾਲਾਂ ਵਿੱਚ ਜਿਸ ਪੱਧਰ ‘ਤੇ ਨਸ਼ੇ ਦਾ ਗੰਦ ਪਿਆ ਹੈ, ਉਸ ਨੂੰ ਸਾਫ਼ ਕਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਵਿਰੋਧੀ ਧਿਰ ਨੂੰ ਸਵਾਲ ਕੀਤਾ ਕਿ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਚੁੱਕ ਕੇ ਸਹੁੰਆਂ ਖਾਧੀਆਂ, ਉਨ੍ਹਾਂ ਨੇ ਕੀ ਕੀਤਾ? ‘ਆਪ’ ਸਰਕਾਰ ਨੇ ਤਿੰਨ ਸਾਲ ਦੀ ਯੋਜਨਾਬੰਦੀ ਤੋਂ ਬਾਅਦ ਇਸ ਨੂੰ ਸਿਸਟਮੈਟਿਕ ਤਰੀਕੇ ਨਾਲ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ‘ਨਸ਼ਾ ਮੁਕਤੀ ਮੋਰਚਾ’ ਦੇ ਇੱਕ ਫੇਜ਼ ਦੀ ਸਫਲਤਾ ਅਤੇ ‘ਵਿਲੇਜ ਡਿਫੈਂਸ ਕਮੇਟੀ’ (ਪਿੰਡਾਂ ਦੇ ਰਖਵਾਲੇ) ਬਣਾਉਣ ਦਾ ਜ਼ਿਕਰ ਕੀਤਾ, ਜਿਸ ਨਾਲ ਪੰਜਾਬ ਭਰ ਵਿੱਚ 1 ਲੱਖ ਤੋਂ ਵੱਧ ਮੈਂਬਰ ਜੁੜ ਚੁੱਕੇ ਹਨ। ਦੂਜੇ ਫੇਜ਼ ਵਿੱਚ ਸਕੂਲਾਂ ਤੱਕ ਪਹੁੰਚਣ ਦੀ ਯੋਜਨਾ ਹੈ, ਕਿਉਂਕਿ ਇਹ ਅਗਲੀ ਪੀੜ੍ਹੀ ਦੀ ਲੜਾਈ ਹੈ, ਜੋ ਕੰਟਰੋਲ ਹੋਣ ਤੱਕ ਜਾਰੀ ਰਹੇਗੀ।
