- ਸਾਬਤ ਸੂਰਤ ਬਣੀਏ ਬਾਣੇ ਬਾਣੀ ਦੇ ਧਾਰਨੀ ਬਣੀਏ ਗੁਰਬਾਣੀ ਲੜ ਲੱਗੀਏ ਤੇ ਸ਼ਸਤਰਧਾਰੀ ਹੋਈਏ : ਜਥੇਦਾਰ ਕੁਲਦੀਪ ਸਿੰਘ ਗੜਗਜ
ਸ੍ਰੀ ਆਨੰਦਪੁਰ ਸਾਹਿਬ, 4 ਮਾਰਚ : ਖਾਲਸਾ ਪੰਥ ਦਾ ਛੇ ਦਿਨਾਂ ਦਾ ਕੌਮੀ ਤਿਉਹਾਰ, ਹੋਲਾ ਮੁਹੱਲਾ ਅੱਜ ਆਪਣੇ ਆਖਰੀ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਮ ਸੰਦੇਸ਼ ਪੜ੍ਹਿਆ।
ਪੰਜ ਪਿਆਰਿਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ। ਤਖ਼ਤ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜੋ ਢੋਲ-ਨਗਾੜੀਆਂ ਦੀ ਆਵਾਜ਼ ਅਤੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਵਿਚਕਾਰ ਚੱਲਿਆ।

ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਜੱਥੇਬੰਦਿਆ ਨੇ ਵੀ ਵੱਖ-ਵੱਖ ਮੁਹੱਲੇ ਕੱਢੇ। ਜੋ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੇ ਹੋਏ ਚਰਨ ਗੰਗਾ ਸਟੇਡੀਅਮ ਵਿੱਚ ਸਮਾਪਤ ਹੋਏ। ਨਿਹੰਗ ਸਿੰਘ ਜਥਿਆਂ ਦੇ ਮੈਂਬਰ ਆਪਣੇ ਸਜਾਏ ਹੋਏ ਘੋੜਿਆਂ ‘ਤੇ ਸਵਾਰ ਹੋ ਕੇ ਉੱਥੇ ਪਹੁੰਚੇ ਅਤੇ ਇੱਕ ਦੂਜੇ ‘ਤੇ ਗੁਲਾਲ ਸੁਟਿਆ ਅਤੇ ਮੁਹੱਲੇ ਦਾ ਸਵਾਗਤ ਕੀਤਾ। ਘੋੜ ਦੌੜ ਮੁਕਾਬਲੇ ਕਰਵਾਏ ਗਏ। ਬਹੁਤ ਸਾਰੇ ਨਿਹੰਗ ਸਿੰਘ ਇੱਕ, ਦੋ, ਤਿੰਨ, ਚਾਰ, ਪੰਜ ਅਤੇ ਇੱਥੋਂ ਤੱਕ ਕਿ ਛੇ ਘੋੜਿਆਂ ‘ਤੇ ਸਵਾਰ ਹੋ ਕੇ ਚਰਨ ਗੰਗਾ ਦੇ ਮੈਦਾਨ ਵਿੱਚ “ਬੋਲੇ ਸੋ ਨਿਹਾਲ” ਦੇ ਨਾਅਰੇ ਲਗਾਉਂਦੇ ਹੋਏ ਦੌੜਦੇ ਦੇਖੇ ਗਏ।
ਸਿੱਖ ਕੌਮ ਇੱਕ ਵਿਲੱਖਣ ਕੌਮ, ਸਾਨੂੰ ਗੁਰੂ ਸਾਹਿਬ ਨੇ ਵੱਖਰੇ ਰੂਪ ਵਿੱਚ ਸਾਜਿਆ ਅਤੇ ਅਸੀਂ ਹਮੇਸ਼ਾ ਵਿਲੱਖਣ ਹੀ ਰਹਾਂਗੇ

ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ, ਹੋਲੇ ਮਹੱਲੇ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ, ਇਸ ਦੇ ਇਤਿਹਾਸ ਬਾਰੇ ਸੰਗਤ ਨਾਲ ਵਿਚਾਰਾਂ ਕੀਤੀਆਂ। ਹੋਲਾ ਮਹੱਲਾ ਕੌਮ ਦੀ ਵਿਲੱਖਣਤਾ, ਚੜ੍ਹਦੀ ਕਲਾ ਅਤੇ ਨਿਆਰੀ ਆਭਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਾਨੂੰ ਸ਼ਸਤਰ ਵਿਦਿਆ ਦੇ ਨਾਲ ਜੋੜਦਾ ਹੈ। ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਸਿਰਫ ਬਾਣੀ ਦਾ ਰੰਗ ਹੀ ਲਾਉਣਾ ਹੈ, ਕੈਮੀਕਲ ਵਾਲੇ ਰੰਗ ਨਹੀਂ ਲਾਉਣੇ। ਰੰਗ ਲਾਉਣਾ ਸਿਰਫ਼ ਨਿਹੰਗ ਸਿੰਘ ਫੌਜਾਂ ਦੀ ਰਿਵਾਇਤ ਹੈ, ਉਹ ਵੀ ਘਰੇ ਪੀਸ ਕੇ ਗੁਲਾਲ ਲਾਉਂਦੇ ਹਨ ਅਤੇ ਮਰਿਆਦਾ ਵਿੱਚ ਰਹਿ ਕੇ ਲਾਉਂਦੇ ਹਨ, ਹੋਰ ਕਿਸੇ ਨੂੰ ਰੰਗ ਸੁੱਟਣ ਦੀ ਕੋਈ ਇਜਾਜ਼ਤ ਨਹੀਂ ਹੈ। ਇਸ ਧਰਤੀ ਲਈ ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਹਨ। ਇਤਿਹਾਸ ਗਵਾਹ ਹੈ ਜੇਕਰ ਕੋਈ ਹਕੂਮਤ ਸਿੱਖਾਂ ਨੂੰ ਖ਼ਤਮ ਕਰਕੇ ਤਕੜਾ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੀ ਆਪਣੀ ਹੋਂਦ ਵੀ ਨਹੀਂ ਰਹਿੰਦੀ।
ਸਿੱਖ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ, ਪਰ ਹਕੂਮਤ ਇਸ ਵੱਲ ਕੋਈ ਤਵੱਜੋ ਨਹੀਂ ਦੇ ਰਹੀ। ਸਿੱਖਾਂ ਲਈ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ। ਇਸ ਮੁਲਕ ਵਿੱਚ ਅਦਾਲਤਾਂ ਵੀ ਹਨ, ਮਨੁੱਖੀ ਅਧਿਕਾਰ ਕਮਿਸ਼ਨ ਵੀ ਹਨ ਪਰ ਇਸ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ 34 ਨੌਜਵਾਨਾਂ ਦੇ ਕਤਲ ਹੋਏ ਹਨ। ਪੰਜਾਬ ਦੇ ਮੌਜੂਦਾ ਕਤਲੋਗਾਰਤ ਵਾਲੇ ਹਾਲਾਤ ਸਾਡੇ ਪੱਖ ਵਿੱਚ ਨਹੀਂ ਹਨ। ਦੋਵੇਂ ਪਾਸੇ ਮਰਨ ਵਾਲੇ ਸਾਡੇ ਹੀ ਹਨ। ਪੁਲਿਸ ਨੂੰ ਅਦਾਲਤ ਬਣਾ ਕੇ ਬੇਕਸੂਰ ਨੌਜਵਾਨਾਂ ਨੂੰ ਨਾ ਮਾਰਿਆ ਜਾਵੇ। ਸਾਨੂੰ ਪੁਲਿਸ ਰਾਜ ਨਹੀਂ ਚਾਹੀਦਾ ਹੈ। ਲੋਕਤੰਤਰ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ, ਡੰਡੇ ਦਾ ਨਹੀਂ।
ਕੁਝ ਤਾਕਤਾਂ ਸਿੱਖਾਂ ਨੂੰ ਜਜ਼ਬ ਕਰਨਾ ਚਾਹੁੰਦੀਆਂ ਹਨ। ਉਹ ਤਾਕਤਾਂ ਇਹ ਗੱਲ ਸਮਝ ਲੈਣ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ। ਸਾਨੂੰ ਗੁਰੂ ਸਾਹਿਬ ਨੇ ਵੱਖਰੇ ਰੂਪ ਵਿੱਚ ਸਾਜਿਆ ਹੈ ਅਤੇ ਅਸੀਂ ਹਮੇਸ਼ਾ ਵਿਲੱਖਣ ਹੀ ਰਹਾਂਗੇ। ਸਾਡਾ ਪਛਾਣ ਦੇ ਮਸਲੇ ‘ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ। ਅਸੀਂ ਅੱਜ ਤਹਈਆ ਕਰਕੇ ਜਾਈਏ ਕਿ ਸਾਡਾ ਸਿੱਖਿਆ ਤੰਤਰ ਤਕੜਾ ਹੋਵੇ। ਹਰ ਇੱਕ ਗੁਰਦੁਆਰਾ ਕਮੇਟੀ ਆਪਣੇ ਇਲਾਕੇ ਵਿੱਚ ਅੱਵਲ ਆਉਣ ਵਾਲੇ ਸਿੱਖ ਬੱਚਿਆਂ ਨੂੰ ਸਨਮਾਨਿਤ ਕਰੇ। ਸਾਡਾ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਹਨ ਇਸ ਲਈ ਕੌਮ ਚਾਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ 8 ਮਾਰਚ ਤੋਂ ਲੈ ਕੇ 12 ਮਾਰਚ ਤੱਕ ‘ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥’ ਲਹਿਰ ਹੇਠ ਖ਼ਾਲਸਾਈ ਮਾਰਚ ਸ਼ੁਰੂ ਹੋਵੇਗਾ। ਇਹ ਮਾਰਚ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਤਾਰਾ ਸਿੰਘ ਜੀ ਵਾਂ ਦੇ ਅਸਥਾਨ ਵਿਖੇ ਜਾ ਕੇ ਸਮਾਪਤ ਹੋਵੇਗਾ। ਨਿੱਜੀ ਲਾਲਚਾ ਦੇ ਵੱਸ ਵਿੱਚ ਆ ਕੇ ਆਪਣੀਆਂ ਧਾਰਮਿਕ ਨੁਮਾਇੰਦਾ ਜਮਾਤਾਂ ਨੂੰ ਕਮਜ਼ੋਰ ਨਾ ਕਰੀਏ। ਗੁਰੂ ਸਾਹਿਬ ਦੇ ਹੁਕਮ ਵਿੱਚ ਰਹੀਏ ਸਾਬਤ ਸੂਰਤ ਬਣੀਏ ਬਾਣੇ ਬਾਣੀ ਦੇ ਧਾਰਨੀ ਬਣੀਏ ਗੁਰਬਾਣੀ ਲੜ ਲੱਗੀਏ ਤੇ ਸ਼ਸਤਰਧਾਰੀ ਹੋਈਏ।
