ਗੁਰਦਾਸਪੁਰ, 2 ਫਰਵਰੀ : ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਖਾਣਾ ਖਾਣ ਤੋਂ ਕਰੀਬ 10 ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜ ਗਈ, ਉਨ੍ਹਾਂ ਨੇ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਧਾ ਸੀ, ਜਿਸ ਤੋਂ ਬਾਅਦ ਸਾਡੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੋਵੇ।
ਇਸ ਸੰਬੰਧ ਵਿਚ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਬਿਲਕੁਲ ਸਾਫ਼ ਸੁਥਰਾ ਖਾਣਾ ਦਿੱਤਾ ਜਾਂਦਾ ਹੈ । ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ। ਮੈਂ ਅੱਜ ਛੁੱਟੀ ’ਤੇ ਸੀ ਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸਿਵਲ ਹਸਪਤਾਲ ਆਇਆ ਹਾਂ। ਪਤਾ ਲੱਗਿਆ ਹੈ ਕਿ ਬੀਤੇ ਦਿਨ ਇਨ੍ਹਾਂ ਬੱਚਿਆਂ ਨੂੰ ਆਇਰਨ ਦੀ ਗੋਲੀ ਵੀ ਦਿੱਤੀ ਗਈ ਸੀ, ਸ਼ਾਇਦ ਉਸ ਨਾਲ ਇਨ੍ਹਾਂ ਬੱਚਿਆਂ ਨੂੰ ਸਮੱਸਿਆ ਆਈ ਹੋਵੇ, ਪਰ ਬੱਚਿਆਂ ਦੀ ਹਾਲਤ ਬਿਲਕੁਲ ਸਥਿਰ ਹੈ।
