ਕਪੂਰਥਲਾ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਨਾਲ ਸਬੰਧਤ ਕਥਿਤ ਗੈਰ-ਕਾਨੂੰਨੀ ਉਸਾਰੀ ਨੂੰ ਬੁਲਡੋਜ਼ਰ ਨਾਲ ਗਿਰਾ ਦਿੱਤਾ, ਜਿਸ ਨਾਲ ਸਵੇਰੇ ਰਾਮਗੜ੍ਹ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ।
ਖਹਿਰਾ ਦੇ ਘਰ ‘ਤੇ ਅੱਜ ਪੀਲਾ ਪੰਜਾ ਚਲਾਇਆ ਗਿਆ। ਸਰਕਾਰ ਦੀ ਇਸ ਕਾਰਵਾਈ ਖ਼ਿਲਾਫ਼ ਮੀਡੀਆ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਇਸ ਦੀ ਸਖ਼ਤ ਸ਼ਬਦਾਂ ‘ਚ ਨਿਖ਼ੇਧੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵਰਦੀਧਾਰੀ ਬਦਮਾਸ਼ ਤੱਕ ਆਖ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੇਰੇ ਕੋਲ ਇਸ ਥਾਂ ਦੀ ਸਾਰੀ ਮਲਕੀਅਤ ਹੈ ਅਤੇ ਸਾਡੇ ਪਰਿਵਾਰ ਦੀ ਜ਼ਮੀਨ ਹੈ ਪਰ ਇਸ ਦੇ ਬਾਵਜੂਦ ਐੱਸਐੱਸਪੀ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।
ਉਨ੍ਹਾਂ ਕਿਹਾ ਕਿ ਬਿਨਾ ਨੋਟਿਸ ਤੇ ਇਹ ਸਾਰੀ ਕਾਰਵਾਈ ਕੀਤੀ ਗਈ। ਗੁਆਂਢੀਆਂ ਦਾ ਗੇਟ ਤੋੜਨ ਦੇ ਬਹਾਨੇ ਮੇਰੀ ਕੰਧ ਤੋੜ ਕੇ ਚਲੇ ਗਏ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਂ ਬਹੁਤ ਜਲਦ ਬਦਲ ਰਿਹਾ ਹੈ ਅਤੇ ਜੋ ਬੀਜੋਗੇ, ਉਹੀ ਵੱਢੋਗੇ। ਇਹ ਤੁਹਾਡੇ ਤੋਂ ਝੱਲਿਆ ਨਹੀਂ ਜਾਣਾ।



