ਅੰਮ੍ਰਿਤਸਰ : ਸਿੱਖ ਮਰਿਆਦਾ, ਗੁਰੂ ਗੋਲਕ ਅਤੇ ਦਸਵੰਦ ‘ਤੇ ਦਿੱਤੇ ਬਿਆਨ ਨੂੰ ਸ਼ਰਧਾ ‘ਤੇ ਹਮਲਾ ਦੱਸਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ‘ਤੇ ਗੰਭੀਰ ਸਵਾਲ ਚੁੱਕੇ ਅਤੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਰੁੱਧ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ‘ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਮਾਣ-ਸਨਮਾਨ ਨੂੰ ਕੋਈ ਵੀ ਚੁਣੌਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਥੇਦਾਰ ਗੜਗੱਜ ਨੇ ਕਿਹਾ ਕਿ “ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮੀਡੀਆ ਸਾਹਮਣੇ ਗੋਲਕ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਹਨ, ਉਹ ਬਿਲਕੁਲ ਵੀ ਬਰਦਾਸਤ ਨਹੀਂ ਕੀਤੀਆਂ ਜਾਣਗੀਆਂ। ਉਸਨੇ ਇਹ ਟਿੱਪਣੀ ਜਥੇਦਾਰ ਉੱਤੇ ਨਹੀਂ ਇਹ ਸਿੱਖ ਪੰਥ ਦੀ ਮਰਿਆਦਾ ਦੇ ਖਿਲਾਫ ਕੀਤੀ ਹੈ। ਇਹ ਉਹ ਪੰਥ ਹੈ ਜਿਸ ਦੀ ਮਰਿਆਦਾ ਨੂੰ ਬਣਾਉਣ ਵਿੱਚ ਤਕਰੀਬਨ 30 ਸਾਲ ਲੱਗੇ ਹਨ। ਉਨ੍ਹਾਂ ਕਿਹਾ ਕਿ ਗੋਲਕਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਸਿੱਖਾਂ ਦੀ ਸ਼ਰਧਾ ’ਤੇ ਸਿੱਧਾ ਹਮਲਾ ਹਨ।
ਭਗਵੰਤ ਨੇ ਇਹ ਵੀ ਕਿਹਾ ਕਿ ਗੋਲਕਾਂ ਦੇ ਵਿੱਚ ਮੋਨੇ (ਵਾਲ ਕਟਿੰਗ ਵਾਲੇ) ਬੰਦੇ ਪੈਸੇ ਨਾ ਪਾਉਣ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਜਨਵਰੀ ਵਿੱਚ ਗੋਲਕਾਂ ਨੂੰ ਲੈ ਕੇ ਗੱਲ ਕੀਤੀ ਫਿਰ ਜੂਨ ਵਿੱਚ ਕੀਤੀ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਗੋਲਕਾਂ ‘ਤੇ ਟਿੱਪਣੀ ਕੀਤੀ ਹੈ।”
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਦਸਵੰਦ ਦਿੰਦੇ ਹਨ। ਜਿਸ ਵਿੱਚ ਹਰ ਸਿੱਖ ਆਪਣੀ ਸ਼ਰਧਾ ਭਾਵਨਾ ਦੇ ਨਾਲ ਪੈਸੇ ਪਾਉਂਦਾ ਹੈ ਅਤੇ ਉਹ ਪੈਸੇ ਸੰਗਤ ਉੱਤੇ ਹੀ ਲਗਾਏ ਜਾਂਦੇ ਹਨ।
