- ਸ਼੍ਰੋਮਣੀ ਕਮੇਟੀ ਦੇ ਮੁਖੀ ਦੇ ਸੂਬੇ ਨੂੰ ਮੁੜ ਬੇਅਦਬੀ ਅਤੇ ਗੁੰਡਾਗਰਦੀ ਦੇ ਕਾਲੇ ਦੌਰ ਵਿੱਚ ਧੱਕਣ ਦੇ ਮਨਸੂਬਿਆਂ ਨੂੰ ਲੋਕ ਸਫਲ ਨਹੀਂ ਹੋਣ ਦੇਣਗੇ
- ਅਕਾਲੀਆਂ ਦੇ ਰਾਜ ਦੌਰਾਨ ਹੁੰਦੀ ਗੁੰਡਾਗਰਦੀ ਅਤੇ ਬੇਅਦਬੀ ਨੂੰ ਲੋਕ ਕਦੇ ਭੁੱਲ ਨਹੀਂ ਸਕਦੇ
ਮਜੀਠਾ (ਅੰਮ੍ਰਿਤਸਰ), 18 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਮਜੀਠਾ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ 23 ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਖੌਫ਼ ਦਾ ਦੌਰ, “ਪਰਚੀ ਦਾ ਦੌਰ” (ਜਬਰੀ ਵਸੂਲੀ) ਅਤੇ ਅਕਾਲੀਆਂ ਦੀ ਧੱਕੇਸ਼ਾਹੀ ਦਾ ਦੌਰ ਖਤਮ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਡਰਾਉਣ-ਧਮਕਾਉਣ ਵਾਲੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ ਅਤੇ ਵਿਕਾਸ, ਜਵਾਬਦੇਹੀ ਤੇ ਲੋਕ ਭਲਾਈ ‘ਤੇ ਕੇਂਦਰਿਤ ਮਾਡਲ ਨੂੰ ਅਪਣਾਇਆ ਹੈ।
ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਅਕਾਲੀਆਂ ਦੀ ਸੱਤਾ ਵਿੱਚ ਵਾਪਸੀ ਦਾ ਭਾਵ ਬੇਅਦਬੀਆਂ ਅਤੇ ਨਿਰਦੋਸ਼ ਲੋਕਾਂ ‘ਤੇ ਗੋਲੀਬਾਰੀ ਵੱਲ ਵਾਪਸੀ ਹੋਵੇਗਾ। ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ ਰਾਤ ਦੇ ਖਾਣੇ ਦੀ ਮੇਜ਼ਬਾਨੀ ਨੂੰ ਸੂਬੇ ਪ੍ਰਤੀ ਵਿਸ਼ਵਾਸਘਾਤ ਦੱਸਿਆ ਜੋ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਸਿਆਸੀ ਪਰਿਵਾਰਾਂ ਦਾ ਪੱਖ ਪੂਰਨਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ, ਸੜਕਾਂ ਦਾ ਨਵੀਨੀਕਰਨ ਅਤੇ ਲੋਕ ਪੱਖੀ ਪ੍ਰਸ਼ਾਸਨ ਨੇ ਸੌੜੀ ਰਾਜਨੀਤੀ ਦੀ ਥਾਂ ਲੈ ਲਈ ਹੈ, ਜਿਸ ਨਾਲ ਮਜੀਠੀਆ ਵਿੱਚ 11.32 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਨਾਲ ਵਿਕਾਸ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਣ ਦਾ ਭਾਵ ਪੰਜਾਬ ਨੂੰ ਹਨੇਰ ਯੁੱਗ ਵਿੱਚ ਵਾਪਸ ਧੱਕਣਾ ਹੋਵੇਗਾ। ਉਨ੍ਹਾਂ ਕਿਹਾ, “ਇਸ ਦਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ‘ਬੇਅਦਬੀ’, ਨਿਰਦੋਸ਼ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਅਤੇ ਆਮ ਲੋਕਾਂ ਵਿਰੁੱਧ ਅੱਤਿਆਚਾਰ ਵੱਲ ਵਧਣ ਦੇ ਬਰਾਬਰ ਹੋਵੇਗਾ।”
ਉਨ੍ਹਾਂ ਅੱਗੇ ਕਿਹਾ ਕਿ ਅਕਾਲੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਮਾੜੇ ਕੰਮਾਂ ਕਾਰਨ ਹੀ ਸੂਬਾ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ, “ਸਾਡਾ ਇੱਕੋ ਇੱਕ ਉਦੇਸ਼ ਗੁੰਮ ਹੋਏ ਸਰੂਪਾਂ ਦਾ ਪਤਾ ਲਾਉਣਾ ਹੈ। ਸਾਡਾ ਧਾਰਮਿਕ ਸੰਸਥਾਵਾਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਐਸ.ਜੀ.ਪੀ.ਸੀ. ਮੁਖੀ ਸਿਆਸੀ ਰੈਲੀਆਂ ਦੇ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਕਿਹਾ, “ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿਪਾਹੀ ਕਹਿਣ ਦੀ ਬਜਾਏ, ਉਹ ਮਾਣ ਨਾਲ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਕਹਿੰਦੇ ਹਨ। ਅਜਿਹੇ ਵਿਅਕਤੀ ਤੋਂ ਭਲੇ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ, ਜੋ ਕਿਸੇ ਅਜਿਹੇ ਵਿਅਕਤੀ ਦੀ ਸੇਵਾ ਕਰਨ ‘ਤੇ ਮਾਣ ਕਰਦਾ ਹੈ ਜਿਸ ਨੇ ਆਪਣੀਆਂ ਹਰਕਤਾਂ ਨਾਲ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੋਵੇ।”
ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਜ਼ਿਕਰ ਕਰਦਿਆਂ ਕਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਤੋਂ ਉੱਪਰ ਹਨ। ਇਸੇ ਲਈ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਬਜਾਏ ਤਖ਼ਤ ਸਾਹਿਬ ਅੱਗੇ ਪੇਸ਼ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਉਲਟ, ਅਕਾਲੀਆਂ ਨੇ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਈ। ਉਨ੍ਹਾਂ ਕਿਹਾ, “ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਨਿਯੁਕਤ ਕੀਤਾ ਅਤੇ ਅਹੁਦੇ ਤੋਂ ਹਟਾਇਆ ਗਿਆ, ਜਿਸ ਨਾਲ ਇਨ੍ਹਾਂ ਸੰਸਥਾਵਾਂ ਦੀ ਪਵਿੱਤਰਤਾ ਨੂੰ ਭਾਰੀ ਸੱਟ ਵੱਜੀ ਹੈ।” ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਕਾਂਗਰਸੀ ਆਗੂ ਲਗਾਤਾਰ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਸਿਆਸੀ ਸੰਤੁਲਨ ਗੁਆ ਚੁੱਕੇ ਹਨ।
