ਜਲੰਧਰ : ਸ਼ਰਾਬ ਦੇ ਨਸ਼ੇ ਵਿੱਚ ਧੁੱਤ ਬੱਸ ਡਰਾਈਵਰ ਨੇ ਆਪਣੀ ਧੀ ਦੀ ਗੁਆਂਢ ਵਿੱਚ ਰਹਿੰਦੀ 13 ਸਾਲ ਦੀ ਸਹੇਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਲਾਜ਼ਮਾਂ ਉਤੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਲਗਾਏ। ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲਾਪਰਵਾਹੀ ਵਰਤਣ ਵਾਲੇ ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ।
ਗੌਰਤਲਬ ਹੈ ਕਿ 22 ਨਵੰਬਰ ਨੂੰ ਪੱਛਮੀ ਹਲਕੇ ਵਿੱਚ ਇੱਕ 13 ਸਾਲਾ ਲੜਕੀ ਦੇ ਪਰਿਵਾਰ ਨੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਨੂੰ ਗੁੰਮਸ਼ੁਦਗੀ ਦੇ ਮਾਮਲੇ ਬਾਰੇ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਏਐਸਆਈ ਮੰਗਤ ਰਾਮ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ। ਉਹ ਘਰ ਦੇ ਅੰਦਰ ਚਲੇ ਗਏ। 20 ਮਿੰਟ ਅੰਦਰ ਰਹਿਣ ਤੋਂ ਬਾਅਦ ਉਸਨੇ ਪਰਿਵਾਰ ਨੂੰ ਦੱਸਿਆ ਕਿ ਅੰਦਰ ਕੁਝ ਵੀ ਨਹੀਂ ਹੈ।
ਇਸ ਮਾਮਲੇ ਵਿੱਚ ਏਐਸਆਈ ਨੂੰ 22 ਨਵੰਬਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਉਸਦੀ ਬਰਖਾਸਤਗੀ ਦੀ ਮੰਗ ਕੀਤੀ ਗਈ ਸੀ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੌਕੇ ਉਤੇ ਪਹੁੰਚੇ ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕੁੜੀ ਦੀ ਮਾਂ ਅਤੇ ਭਰਾ ਨੇ ਦੋਸ਼ ਲਗਾਇਆ ਕਿ ਪੁਲਿਸ ਉਨ੍ਹਾਂ ਨੂੰ ਅੰਦਰ ਲੈ ਗਈ।
