ਨਵੀਂ ਦਿੱਲੀ : ਨਿਤਿਨ ਨਬੀਨ ਨਿਰਵਿਰੋਧ ਭਾਰਤੀ ਜਨਤਾ ਪਾਰਟੀ (BJP) ਦੇ 12ਵੇਂ ਰਾਸ਼ਟਰੀ ਪ੍ਰਧਾਨ ਚੁਣੇ ਗਏ ਹਨ। ਮੰਗਲਵਾਰ ਨੂੰ ਭਾਜਪਾ ਹੈੱਡਕੁਆਰਟਰ ਵਿਖੇ ਇਸ ਦਾ ਰਸਮੀ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਸਵਾਗਤ ਕੀਤਾ।
ਪੀਐਮ ਮੋਦੀ ਨੇ ਕਿਹਾ, “ਭਾਜਪਾ ਅਜਿਹੀ ਪਾਰਟੀ ਹੈ, ਜਿੱਥੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਮੋਦੀ ਜੀ ਇੰਨੀ ਛੋਟੀ ਉਮਰ ਵਿੱਚ ਮੁੱਖ ਮੰਤਰੀ ਬਣ ਗਏ, ਸਰਕਾਰ ਦੇ ਮੁਖੀ ਬਣ ਗਏ। ਪਰ ਇਨ੍ਹਾਂ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਮੈਂ ਭਾਜਪਾ ਦਾ ਇੱਕ ਵਰਕਰ ਹਾਂ। ਮੈਂ ਮੰਨਦਾ ਹਾਂ ਕਿ ਨਿਤਿਨ ਜੀ ਮੇਰੇ ਬੌਸ ਹਨ ਅਤੇ ਮੈਂ ਇੱਕ ਵਰਕਰ ਹਾਂ।”
ਇਸ ਤੋਂ ਪਹਿਲਾਂ ਨਬੀਨ ਨੇ ਦਿੱਲੀ ਵਿੱਚ ਭਗਵਾਨ ਵਾਲਮੀਕਿ ਮੰਦਰ, ਗੁਰਦੁਆਰਾ ਬੰਗਲਾ ਸਾਹਿਬ ਅਤੇ ਝੰਡੇਵਾਲਾ ਮੰਦਰ ਵਿਖੇ ਮੱਥਾ ਟੇਕਿਆ। 45 ਸਾਲਾ ਨਬੀਨ ਪਾਰਟੀ ਦੇ ਸਭ ਤੋਂ ਨੌਜਵਾਨ ਰਾਸ਼ਟਰੀ ਪ੍ਰਧਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਅਮਿਤ ਸ਼ਾਹ 49 ਸਾਲ ਦੀ ਉਮਰ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਚੁਣੇ ਗਏ ਸਨ। ਭਾਜਪਾ ਹੈੱਡਕੁਆਰਟਰ ਵਿੱਚ ਸੋਮਵਾਰ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਚੋਣਾਂ ਹੋਈਆਂ ਸਨ, ਜਿਸ ਵਿੱਚ ਕਿਸੇ ਹੋਰ ਉਮੀਦਵਾਰ ਦੇ ਨਾਮਜ਼ਦਗੀ ਨਾ ਭਰਨ ਕਾਰਨ ਨਬੀਨ ਨੂੰ ਨਿਰਵਿਰੋਧ ਚੁਣ ਲਿਆ ਗਿਆ। ਦੱਸ ਦੇਈਏ ਕਿ 14 ਦਸੰਬਰ 2025 ਨੂੰ ਨਿਤਿਨ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ।
ਮੋਦੀ ਨੇ ਕਿਹਾ, “ਨਿਤਿਨ ਨਬੀਨ ਜੀ ਸਾਡੇ ਸਾਰਿਆਂ ਦੇ ਪ੍ਰਧਾਨ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਭਾਜਪਾ ਨੂੰ ਸੰਭਾਲਣਾ ਹੀ ਨਹੀਂ, ਸਗੋਂ NDA ਨਾਲ ਤਾਲਮੇਲ ਰੱਖਣ ਦੀ ਵੀ ਹੈ। ਨਿਤਿਨ ਜੀ ਦੇ ਸੰਪਰਕ ਵਿੱਚ ਜੋ ਵੀ ਆਇਆ ਹੈ, ਉਹ ਉਨ੍ਹਾਂ ਦੀ ਸਾਦਗੀ ਦੀ ਚਰਚਾ ਜ਼ਰੂਰ ਕਰਦਾ ਹੈ। ਚਾਹੇ ਬੀਜੇਪੀ ਯੁਵਾ ਮੋਰਚਾ ਦੀ ਜ਼ਿੰਮੇਵਾਰੀ ਹੋਵੇ ਜਾਂ ਸੂਬਾ ਇੰਚਾਰਜ ਦੀ, ਨਿਤਿਨ ਜੀ ਨੇ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ।”
ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਜੇ.ਪੀ. ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਹੈੱਡਕੁਆਰਟਰ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਸਥਾਨ ਦੇ ਸੀ.ਐਮ. ਭਜਨ ਲਾਲ ਸ਼ਰਮਾ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਭਾਜਪਾ ਹੈੱਡਕੁਆਰਟਰ ਵਿਖੇ ਮੌਜੂਦ ਹਨ।
ਨਿਤਿਨ ਨੇ ਕਿਹਾ, “ਮੈਂ ਮੋਦੀ ਨੂੰ ਦੇਸ਼ ਦੀ ਸੇਵਾ ਕਰਦੇ ਦੇਖਿਆ”
ਭਾਜਪਾ ਦੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਆਪਣਾ ਭਾਸ਼ਣ “ਭਾਰਤ ਮਾਤਾ ਕੀ ਜੈ” ਨਾਲ ਸ਼ੁਰੂ ਕੀਤਾ। ਉਨ੍ਹਾਂ ਕਿਹਾ, “ਪਾਰਟੀ ਵਰਕਰਾਂ ਦੇ ਤੌਰ ‘ਤੇ, ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੀ ਸੇਵਾ ਕਰਦੇ ਦੇਖਿਆ ਹੈ। ਉਨ੍ਹਾਂ ਨੂੰ ਦੇਖ ਕੇ ਹੀ ਅਸੀਂ ਸਿੱਖਿਆ ਹੈ ਕਿ ਸਿਰਫ਼ ਉਹੀ ਲੋਕ ਮਹਾਨ ਬਣਦੇ ਹਨ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜ ਸਕਦੇ ਹਨ।”
ਨਿਤਿਨ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
ਭਾਜਪਾ ਦੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰੇ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੇ ਗੁਰੂ ਘਰ ਨਤਮਸਤਕ ਹੋ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਦੇ ਨਾਲ ਤੋਂ ਵਿਧਾਇਕ ਮੰਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਮੌਜੂਦ ਸਨ।


