Home ਪੰਜਾਬਮੁੱਖ ਮੰਤਰੀ ਮਾਨ ਨੇ ਚੰਨੀ ਵੱਲੋਂ ਬੇਬੁਨਿਆਦ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੀਤੀ ਕਰੜੀ ਨਿੰਦਿਆ

ਮੁੱਖ ਮੰਤਰੀ ਮਾਨ ਨੇ ਚੰਨੀ ਵੱਲੋਂ ਬੇਬੁਨਿਆਦ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੀਤੀ ਕਰੜੀ ਨਿੰਦਿਆ

by Live 24 Punjabi

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਗੈਰ-ਜ਼ਿੰਮੇਵਾਰਾਨਾ ਅਤੇ ਬੇਬੁਨਿਆਦ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਦੀ ਕਰੜੀ ਨਿੰਦਿਆ ਕੀਤੀ। ਮੁੱਖ ਮੰਤਰੀ ਨੇ ਅੱਜ ਸਵੇਰੇ ਆਪਣੀ ਰਿਹਾਇਸ਼ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “111 ਦਿਨਾਂ ਦੇ ਸਾਬਕਾ ਮੁੱਖ ਮੰਤਰੀ ਨੇ ਲੋਕਤੰਤਰ ਦੀ ਭਾਵਨਾ ਦੇ ਵਿਰੁੱਧ ਅਜਿਹੇ ਬਿਆਨ ਦੇ ਕੇ ਆਪਣੀ ਪਾਰਟੀ ਦੀ ਹਾਰ ਸਵੀਕਾਰ ਕਰ ਲਈ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖਦਿਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਚਾਲਾਂ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕਾਂਗਰਸ ਨੂੰ ਵਾਰ-ਵਾਰ ਨਕਾਰਿਆ ਗਿਆ ਹੈ ਅਤੇ ਅਕਾਲੀ ਦਲ ਨੂੰ ਜ਼ਿਆਦਾਤਰ ਉਪ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਅਗਾਮੀ ਚੋਣਾਂ ਵਿੱਚ ਹੋਣ ਵਾਲੀ ਆਪਣੀ ਹਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਿਸ ਕਾਰਨ ਉਹ ਆਪਣੀ ਸ਼ਾਖ ਨੂੰ ਬਚਾਉਣ ਲਈ ਅਜਿਹੇ ਬੇਬੁਨਿਆਦ ਬਿਆਨ ਦੇ ਰਹੀਆਂ ਹਨ।

ਮੁੱਖ ਮੰਤਰੀ ਨੇ ਚੰਨੀ ਨੂੰ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਨੂੰ ਸਾਬਤ ਕਰਨ ਅਤੇ ਇਹ ਦਿਖਾਉਣ ਦੀ ਚਣੌਤੀ ਦਿੱਤੀ ਕਿ ਵਾਧੂ ਬੈਲਟ ਪੇਪਰ ਕਿੱਥੇ ਛਾਪੇ ਗਏ ਹਨ। ਉਨ੍ਹਾਂ ਕਿਹਾ ਕਿ ਖੁਦ ਨੂੰ ਕਮਜ਼ੋਰ ਵਰਗਾਂ ਦਾ ਮਸੀਹਾ ਦੱਸਣ ਵਾਲਾ ਆਗੂ ਸਿਰਫ਼ ਲਾਈਮਲਾਈਟ ਵਿੱਚ ਆਉਣ ਲਈ ਅਜਿਹੀ ਚਾਲਾਂ ਚੱਲ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਰਿਕਾਰਡ ‘ਤੇ ਹੈ ਕਿ ਨਾ ਤਾਂ ਕਦੇ ਚੰਨੀ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਦਾ ਕੋਈ ਆਗੂ ਕਦੇ ਲੋਕਾਂ ਕੋਲ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਨੇ ਵਾਰ-ਵਾਰ ਬਾਹਰ ਦਾ ਰਾਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਹਮੇਸ਼ਾ ਹਰ ਪੰਜ ਸਾਲਾਂ ਬਾਅਦ ਆਪਣੀ ਵਾਰੀ ਦੀ ਉਡੀਕ ਕੀਤੀ ਹੈ ਪਰ ਹੁਣ ਉਨ੍ਹਾਂ ਦੇ ਸੁਪਨੇ ਸਾਕਾਰ ਨਹੀਂ ਹੋ ਰਹੇ ਜਿਸ ਕਾਰਨ ਉਹ ਨਿਰਾਸ਼ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਨੂੰ ਅਜਿਹੇ ਦਿਖਾਵੇ ਵਿੱਚ ਉਲਝਣ ਦੀ ਬਜਾਏ ਵਿਧਾਨ ਸਭਾ ਚੋਣਾਂ ਲਈ ਅਗਲੇ ਚਿਹਰੇ ਦਾ ਐਲਾਨ ਕਰਨ ਲਈ ਉਨ੍ਹਾਂ ਦੇ ਮੁੱਖ ਦਫ਼ਤਰ ਵਿੱਚ ਹੋ ਰਹੀ ਨਿਲਾਮੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਇਸ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਲੀਡਰਸ਼ਿਪ ਦੀ ਦੌੜ ਵਿੱਚ ਪਿੱਛੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੀਆਂ ਅਜਿਹੀਆਂ ਚਾਲਾਂ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਜਿਸ ਕਾਰਨ ਕਾਂਗਰਸ ਲੀਡਰਸ਼ਿਪ ਘਬਰਾ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਮਿਲ ਕੇ ਮੈਚ ਖੇਡ ਰਹੇ ਹਨ ਕਿਉਂਕਿ ਕਈ ਮਾਮਲਿਆਂ ਵਿੱਚ ਇਨ੍ਹਾਂ ਪਾਰਟੀਆਂ ਦੇ ਆਗੂ ‘ਆਪ’ ਨੂੰ ਹਰਾਉਣ ਲਈ ਇੱਕੋ ਉਮੀਦਵਾਰ ਲਈ ਵਾਰੀ-ਵਾਰੀ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ‘ਆਪ’ ਸਿਰਫ਼ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜ ਰਹੀ ਹੈ ਅਤੇ ਇਹ ਪਾਰਟੀਆਂ ਸਿਰਫ ਨਫ਼ਰਤ ਅਤੇ ਫੁੱਟ ਪਾਉਣ ਦੇ ਆਪਣੇ ਏਜੰਡੇ ‘ਤੇ ਨਿਰਭਰ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਕਦੇ ਵੀ ਚੋਣ ਪ੍ਰਚਾਰ ਲਈ ਨਹੀਂ ਗਏ ਪਰ ਇੱਕ ਗੱਲ ਪੱਕੀ ਹੈ ਕਿ ਲੋਕਾਂ ਦੀ ਤਾਕਤ ਨੇ ਪਹਿਲਾਂ ਸ਼ਕਤੀਸ਼ਾਲੀ ਰਹੇ ਆਗੂਆਂ ਨੂੰ ਜ਼ਮੀਨ ‘ਤੇ ਲਿਆ ਕੇ ਖੜਾ ਕਰ ਦਿੱਤਾ ਹੈ।

ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਉਦਾਹਰਣ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਆਪਣੀ ਸੱਤਾ ਦੌਰਾਨ ਕਦੇ ਵੀ ਲੋਕਾਂ ਨਾਲ ਨਹੀਂ ਵਿਚਰੇ ਪਰ ਹੁਣ ਉਹ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੀ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਦੀ ਤਾਕਤ ਹੈ ਕਿ ਉਸ ਸਮੇਂ ਦੇ ਸ਼ਕਤੀਸ਼ਾਲੀ ਆਗੂ ਹੁਣ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗਣ ਲਈ ਮੋਟਰਸਾਈਕਲਾਂ ‘ਤੇ ਸਵਾਰ ਹੋ ਰਹੇ ਹਨ। ਭਗਵੰਤ ਸਿੰਘ ਮਾਨ ਨੇ ਚੁਟਕੀ ਲੈਂਦਿਆ ਕਿਹਾ ਕਿ ਅਕਾਲੀ ਦਲ ਹੁਣ ਅਕਾਲੀ ਦਲ (ਬਾਦਲ) ਨਹੀਂ ਰਿਹਾ ਸਗੋਂ ਅਕਾਲੀ ਦਲ (ਬੇਅਦਬੀ) ਜਾਂ ਅਕਾਲੀ ਦਲ (ਬਦਮਾਸ਼ੀ) ਬਣ ਗਿਆ ਹੈ ਕਿਉਂਕਿ ਇਸ ਪਾਰਟੀ ਨੇ ਗੈਂਗਸਟਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਮੁੱਖ ਮੰਤਰੀ ਨੇ ਵਿਰੋਧੀ ਧਿਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਜ਼ੋਨਾਂ ਲਈ ਕਾਂਗਰਸ ਦੇ 331, ਅਕਾਲੀ ਦਲ ਦੇ 298 ਅਤੇ ਭਾਜਪਾ ਦੇ 215 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ ਪੰਚਾਇਤ ਸੰਮਤੀ ਦੀਆਂ 2833 ਜ਼ੋਨਾਂ ਲਈ ਕਾਂਗਰਸ ਦੇ 2433, ਅਕਾਲੀ ਦਲ ਦੇ 1814 ਅਤੇ ਭਾਜਪਾ ਦੇ 1127 ਉਮੀਦਵਾਰ ਚੋਣ ਲੜ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਹਰ ਪਾਰਟੀ ਨੂੰ ਇਨ੍ਹਾਂ ਖੁੱਲ੍ਹ ਕੇ ਚੋਣਾਂ ਵਿੱਚ ਆਪਣੇ ਉਮੀਦਵਾਰ ਉਤਾਰ ਕੇ ਚੋਣ ਲੜਨ ਦਾ ਢੁਕਵਾਂ ਮੌਕਾ ਮਿਲਿਆ ਹੈ।

Have any thoughts?

Share your reaction or leave a quick response — we’d love to hear what you think!

You may also like

Leave a Comment