- ਸ਼ਾਰਟ ਸਰਕਟ ਕਾਰਨ ਭੜਕੀ ਅੱਗ, ਸੇਵਾਦਾਰਾਂ ਅਤੇ ਸ਼ਰਧਾਲੂਆਂ ਨੇ ਤੁਰੰਤ ਪਾਇਆ ਕਾਬੂ
ਅੰਮ੍ਰਿਤਸਰ, 27 ਮਈ : ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ਰਧਾਲੂਆਂ ਲਈ ਛਾਂ ਵਾਸਤੇ ਲਗਾਈਆਂ ਚਾਨਣੀਆਂ ਅਤੇ ਸ਼ਮਿਆਨਿਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਸੇਵਾਦਾਰਾਂ, ਪ੍ਰਬੰਧਕਾਂ ਅਤੇ ਸ਼ਰਧਾਲੂਆਂ ਦੀ ਸੂਝਬੂਝ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਧੇਰੇ ਗਰਮੀ ਅਤੇ ਬਿਜਲੀ ਦੀ ਤਾਰਾਂ ‘ਤੇ ਲੋਡ ਵੱਧਣ ਕਾਰਨ ਗੁਰਦੁਆਰਾ ਸਾਹਿਬ ਦੇ ਚਾਟੀਵਿੰਡ ਚੌਂਕ ਵਾਲੀ ਸਾਈਡ ਲਗੇ ਸ਼ਮਿਆਨੇ ਨੇ ਅਚਾਨਕ ਅੱਗ ਫੜ ਲਈ। ਅੱਗ ਨੇ ਕੁਝ ਹੀ ਸਮੇਂ ਵਿੱਚ ਚਾਨਣੀਆਂ ਅਤੇ ਕਪੜੇ ਦੇ ਸ਼ਮਿਆਨਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਸੇਵਾਦਾਰਾਂ ਅਤੇ ਸ਼ਰਧਾਲੂਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਪਾਣੀ ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਸਮੇਂ ਸਿਰ ਕਾਰਵਾਈ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕੁਝ ਸਮਾਨ ਦੇ ਸੜਨ ਦੀ ਜਾਣਕਾਰੀ ਸਾਹਮਣੇ ਆਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਬੰਧਕਾਂ ਵੱਲੋਂ ਬਿਜਲੀ ਪ੍ਰਬੰਧਾਂ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਦੱਸਣਯੋਗ ਹੈ ਕਿ ਬੀਤੇ ਐਤਵਾਰ ਨੂੰ ਵੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਚੁਪਹਿਰਾ ਸਮਾਗਮ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਸਮਾਗਮ ਦੌਰਾਨ ਸ਼ਟਰਿੰਗ ਦੀਆਂ ਪਲੇਟਾਂ ਡਿੱਗਣ ਕਾਰਨ ਦੋ ਸ਼ਰਧਾਲੂ ਬੀਬੀਆਂ ਦੀ ਮੌਤ ਹੋ ਗਈ ਸੀ, ਜਦਕਿ ਕਰੀਬ ਨੌ ਸ਼ਰਧਾਲੂ ਜ਼ਖ਼ਮੀ ਹੋ ਗਏ ਸਨ। ਉਸ ਘਟਨਾ ਤੋਂ ਬਾਅਦ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਉੱਠੇ ਸਨ। ਹੁਣ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਨੇ ਗੁਰਦੁਆਰਾ ਪ੍ਰਬੰਧਾਂ ਅਤੇ ਸੁਰੱਖਿਆ ਇੰਤਜ਼ਾਮਾਂ ‘ਤੇ ਚਰਚਾ ਛੇੜ ਦਿੱਤੀ ਹੈ।

Have any thoughts?
Share your reaction or leave a quick response — we’d love to hear what you think!
