- ਡੇਰਾ ਮੁਖੀ ਨੂੰ ਜੇਲ੍ਹ ‘ਚ ਮਿਲਣ ਨਹੀਂ ਜਾਣਾ ਚਾਹੀਦਾ ਸੀ ਤੇ ਜੱਜ ਨਹੀਂ ਬਣਨਾ ਚਾਹੀਦਾ : ਬਲਤੇਜ ਪੰਨੂ
ਚੰਡੀਗੜ੍ਹ, 2 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਤੇ ਡੇਰਾ ਬਿਆਸ ਮੁਖੀ ਦੀ ਜੇਲ੍ਹ ਮੁਲਾਕਾਤ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਜ਼ਮਾਨਤ ਮਿਲਣ ਦਾ ਮਤਲਬ ਬਰੀ ਹੋਣਾ ਨਹੀਂ ਹੁੰਦਾ ਅਤੇ ਮਜੀਠੀਆ ਖ਼ਿਲਾਫ਼ ਪੁਖ਼ਤਾ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਜੀਠੀਆ ਦੀ ਜ਼ਮਾਨਤ ਬਾਰੇ ਬੋਲਦਿਆਂ ਕਿਹਾ ਕਿ ਜ਼ਮਾਨਤ ਮਿਲਣ ਨਾਲ ਕੋਈ ਵੀ ਵਿਅਕਤੀ ਬਰੀ ਨਹੀਂ ਹੋ ਜਾਂਦਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਜੀਠੀਆ ਖ਼ਿਲਾਫ਼ ਪੁਖ਼ਤਾ ਸਬੂਤ ਮੌਜੂਦ ਹਨ ਜੋ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਡੇਰਾ ਬਿਆਸ ਮੁਖੀ ਦੀ ਮਜੀਠੀਆ ਨਾਲ ਜੇਲ੍ਹ ਵਿੱਚ ਮੁਲਾਕਾਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਪੰਨੂ ਨੇ ਕਿਹਾ, “ਜਿਹੜੇ ਡੇਰਾ ਬਿਆਸ ਦੇ ਮੁਖੀ ਨੇ, ਉਹ ਸਾਡੇ ਵੀ ਸਤਿਕਾਰਯੋਗ ਹਨ। ਦੁਨੀਆਂ ਭਰ ਵਿੱਚ ਡੇਰਾ ਬਿਆਸ ਦੇ ਬਹੁਤ ਮੰਨਣ ਵਾਲੇ ਲੋਕ ਹਨ। ਪਰ ਮੈਂ ਸਤਿਕਾਰ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਡੇਰੇ ਦੇ ਇੰਨੇ ਵੱਡੇ ਮੁਖੀ ਨੂੰ ਘੱਟੋ-ਘੱਟ ਜੇਲ੍ਹ ਵਿੱਚ ਮਿਲਣ ਨਹੀਂ ਜਾਣਾ ਚਾਹੀਦਾ ਸੀ।”
ਬਲਤੇਜ ਪੰਨੂ ਨੇ ਅੱਗੇ ਕਿਹਾ, “ਜਿਹੜੇ ਸੰਤ-ਮਹਾਤਮਾ ਹੁੰਦੇ ਹਨ, ਉਹ ਰਿਸ਼ਤਿਆਂ-ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਹਨ। ਮੇਰੀ ਜਾਣਕਾਰੀ ਮੁਤਾਬਕ ਅਜਿਹਾ ਹੀ ਹੋਣਾ ਚਾਹੀਦਾ ਹੈ।”
ਪੰਨੂ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਨੂੰ ਜੱਜ ਨਹੀਂ ਬਣਨਾ ਚਾਹੀਦਾ ਸੀ ਅਤੇ ਕੋਈ ਜਜਮੈਂਟ ਨਹੀਂ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ, “ਇਹ ਅਦਾਲਤੀ ਪ੍ਰਕਿਰਿਆ ਹੈ ਅਤੇ ਇਸ ਨੂੰ ਅਦਾਲਤ ‘ਤੇ ਹੀ ਛੱਡ ਦੇਣਾ ਚਾਹੀਦਾ ਹੈ।”

Have any thoughts?
Share your reaction or leave a quick response — we’d love to hear what you think!
