ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਸ਼ਰਾਬ ਮਾਫ਼ੀਆ ਮਾਮਲੇ ਵਿੱਚ ਇੱਕ ਵੱਡੇ ਡਿਵੈਲਪਮੈਂਟ ਤਹਿਤ, ਉਨ੍ਹਾਂ ਦੇ ਕਰੀਬੀ ਸਾਥੀ ਹਰਪ੍ਰੀਤ ਗੁਲਾਟੀ ਨੂੰ ਅਦਾਲਤ ਵੱਲੋਂ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜੇ ਜਾਣ ਤੋਂ ਬਾਅਦ, ਐਡਵੋਕੇਟ ਫੈਰੀ ਸੋਫਤ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਸਪਸ਼ਟ ਕੀਤਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਨੇ ਉਸ ਮਾਫ਼ੀਆ ਨੈੱਟਵਰਕ ‘ਤੇ ਸਿੱਧਾ ਹਮਲਾ ਕੀਤਾ ਹੈ, ਜਿਸ ਨੂੰ ਅਕਾਲੀ ਰਾਜਕਾਲ ਵਿੱਚ ਸਰਪ੍ਰਸਤੀ ਮਿਲਦੀ ਸੀ। ਫੈਰੀ ਸੋਫ਼ਤ ਨੇ ਦਾਅਵਾ ਕੀਤਾ ਕਿ ਇਸ ਰਿਮਾਂਡ ਤੋਂ ਬਾਅਦ ਮਜੀਠੀਆ ਦਾ ਪੂਰਾ ਨੈੱਟਵਰਕ ਐਕਸਪੋਜ਼ ਹੋਵੇਗਾ ਅਤੇ ਉਨ੍ਹਾਂ ਦੀਆਂ ਨਾਜਾਇਜ਼ ਜਾਇਦਾਦਾਂ ਦਾ ਪਰਦਾਫਾਸ਼ ਹੋਵੇਗਾ।
ਐਡਵੋਕੇਟ ਫੈਰੀ ਸੋਫਤ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਵਾਲੇ ਕੇਸ ਵਿੱਚ ਜਾਂਚ (ਇਨਵੈਸਟੀਗੇਸ਼ਨ) ਦੌਰਾਨ ਕਈ ਕੰਪਨੀਆਂ ਅਤੇ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋਂ ਇੱਕ ਹਰਪ੍ਰੀਤ ਗੁਲਾਟੀ ਵੀ ਹੈ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 6 ਦਸੰਬਰ ਤੱਕ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੁਲਾਟੀ ਅਤੇ ਉਨ੍ਹਾਂ ਦੇ ਸਾਥੀ ਅਮਰਦੀਪ ਗੁਲਾਟੀ, ਜੋ 2007 ਵਿੱਚ ਕਾਰ ਅਸੈਸਰੀਜ਼ ਦਾ ਕੰਮ ਕਰਦੇ ਸਨ, ਦਾ ਸ਼ਰਾਬ (ਲਿੱਕਰ) ਦੇ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ਸੀ। ਪਰ ਕਿਉਂਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਨ, ਇਸ ਲਈ ਅਕਾਲੀ ਸਰਕਾਰ ਬਣਨ ਤੋਂ ਬਾਅਦ ਸ਼ਰਾਬ ਮਾਫ਼ੀਆ ਨੂੰ ਕੰਟਰੋਲ ਕਰਨ ਲਈ ਬਣਾਈਆਂ ਗਈਆਂ ਕੁਝ ਕੰਪਨੀਆਂ ਵਿੱਚ ਇਨ੍ਹਾਂ ਨੇ ਕਾਰੋਬਾਰ ਸ਼ੁਰੂ ਕਰ ਦਿੱਤਾ।
ਐਡਵੋਕੇਟ ਫੈਰੀ ਸੋਫਤ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਅੱਗੇ ਕਿਹਾ ਕਿ ਉਨ੍ਹਾਂ ਕੰਪਨੀਆਂ ਨੇ ਬਿਕਰਮ ਮਜੀਠੀਆ ਦੇ ਪਰਿਵਾਰਕ ਕਾਰੋਬਾਰਾਂ ਵਿੱਚ ਲਗਭਗ 10 ਕਰੋੜ ਰੁਪਏ ਸਮੇਂ-ਸਮੇਂ ‘ਤੇ ਦਿੱਤੇ, ਜਿਸਦਾ ਕੋਈ ਵੀ ਸਪਸ਼ਟ ਕਾਰਨ ਨਜ਼ਰ ਨਹੀਂ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਲਈ ਬੁਲਾਇਆ ਤਾਂ ਗੁਲਾਟੀ ਨੇ ਕੋਈ ਸਹਿਯੋਗ ਨਹੀਂ ਕੀਤਾ ਕਿਉਂਕਿ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਹੀ ਨਹੀਂ ਸੀ ਕਿ ਕਰੋੜਾਂ ਰੁਪਏ ਕਿਸ ਚੀਜ਼ ਲਈ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਹੜੇ ਕਰੋੜਾਂ ਰੁਪਏ ਇਨ੍ਹਾਂ ਨੇ ਬਿਕਰਮ ਮਜੀਠੀਆ ਦੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਫਰਮਾਂ ਨੂੰ ਦਿੱਤੇ, ਉਹ ਪੈਸੇ ਅੱਗੇ ਫਿਰ ਦੂਸਰੀਆਂ ਫਰਮਾਂ ਵਿੱਚ ਚਲੇ ਗਏ, ਜਿਸ ਨਾਲ ਜਾਇਦਾਦਾਂ ਖਰੀਦੀਆਂ ਗਈਆਂ ਅਤੇ ਕਰਜ਼ੇ ਉਤਾਰੇ ਗਏ। ਉਨ੍ਹਾਂ ਕਿਹਾ ਕਿ ਅਦਾਲਤ ਦੇ ਰਿਮਾਂਡ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਸੱਚਾਈ ਸਾਹਮਣੇ ਆਵੇਗੀ।

Have any thoughts?
Share your reaction or leave a quick response — we’d love to hear what you think!
